ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ’ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸੈਮੀਨਾਰ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ’ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸੈਮੀਨਾਰ ਕਰਵਾਇਆ
Publish Date: Sun, 25 Jan 2026 06:32 PM (IST)
Updated Date: Mon, 26 Jan 2026 04:11 AM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਵਿਖੇ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਰਹਿਨੁਮਾਈ ਹੇਠ ਤੇ ਐੱਨਐੱਸਐੱਸ ਵਿਭਾਗ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਵੋਟ ਦੇ ਅਧਿਕਾਰ ਤੇ ਲੋਕਤੰਤਰ ’ਚ ਇਸ ਦੀ ਮਹੱਤਤਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਬੂਥ ਲੈਵਲ ਅਫ਼ਸਰ (ਬੀਐੱਲਓ) ਸੰਜੀਵ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਵੋਟ ਹੱਕ ਦੀ ਵਰਤੋਂ ਸਬੰਧੀ ਸਹੁੰ ਚੁਕਾ ਕੇ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਕਾਰਜਕਾਰੀ ਪ੍ਰਿੰਸੀਪਲ ਗੁਰਚਰਨ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾਦੂਵਾਲ) ਨੇ ਨੌਜਵਾਨਾਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਭਾਗੀਦਾਰੀ ਵਧਾਉਣ, ਮੱਤਦਾਨ ਦੀ ਮਹੱਤਤਾ ਤੇ ਆਪਣੀ ਬੁੱਧੀ-ਵਿਵੇਕ ਨਾਲ ਯੋਗ ਨੁਮਾਇੰਦਿਆਂ ਦੀ ਚੋਣ ਕਰਨ ਬਾਰੇ ਵਿਸਥਾਰ ਨਾਲ ਵਿਚਾਰ ਰੱਖੇ। ਉਨ੍ਹਾਂ ਵਿਦਿਆਰਥੀਆਂ ਨੂੰ ਜਨ-ਜਨ ਤੱਕ ਮੱਤਦਾਨ ਦੀ ਪ੍ਰੇਰਣਾ ਪਹੁੰਚਾਉਣ ਲਈ ਵੀ ਉਤਸ਼ਾਹਿਤ ਕੀਤਾ। ਵਿਸ਼ੇਸ਼ ਮਹਿਮਾਨ ਬੀਐੱਲਓ ਸੰਜੀਵ ਕੁਮਾਰ ਨੇ ਦੱਸਿਆ ਕਿ ਵੋਟਰ ਕਾਰਡ ਦੇ ਇਲਾਵਾ ਹੋਰ ਵੈਧ ਪਹਿਚਾਣ ਪੱਤਰਾਂ ਰਾਹੀਂ ਵੀ ਵੋਟ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਕਾਲਜ ਪ੍ਰਿੰਸੀਪਲ ਜਸ਼ਨਜੋਤ ਸਿੰਘ ਜੌਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੋਟ ਪਾਉਣਾ ਸਿਰਫ਼ ਇਕ ਅਧਿਕਾਰ ਨਹੀਂ, ਬਲਕਿ ਦੇਸ਼ ਪ੍ਰਤੀ ਇਕ ਮਹੱਤਵਪੂਰਨ ਫ਼ਰਜ਼ ਵੀ ਹੈ। ਉਨ੍ਹਾਂ ਐੱਨਐੱਸਐੱਸ ਕੋ-ਆਰਡੀਨੇਟਰ ਗੌਰਵ ਸ਼ਰਮਾ, ਅਧਿਆਪਕ ਵਰਗ ਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਤਰਨਪ੍ਰੀਤ ਕੌਰ (ਪੰਜਾਬੀ ਵਿਭਾਗ) ਨੇ ਕੀਤਾ। ਇਸ ਮੌਕੇ ਬੀਐੱਲਓ ਲਖਵਿੰਦਰਜੀਤ ਸਿੰਘ ਵੀ ਹਾਜ਼ਰ ਰਹੇ। ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਸੈਮੀਨਾਰ ਸਫ਼ਲਤਾਪੂਰਕ ਸੰਪੰਨ ਹੋਇਆ।