ਕੌਮੀ ਵੋਟਰ ਦਿਵਸ ਮੌਕੇ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ’ਚ ਸੈਮੀਨਾਰ
ਰਾਸ਼ਟਰੀ ਵੋਟਰ ਦਿਵਸ ਮੌਕੇ ਨੈਸ਼ਨਲ ਕਾਲਜ ਫਾਰ ਵੂਮਨ ਨਕੋਦਰ ਵਿਖੇ ਸੈਮੀਨਾਰ ਕਰਵਾਇਆ
Publish Date: Sun, 01 Feb 2026 06:27 PM (IST)
Updated Date: Mon, 02 Feb 2026 04:11 AM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ’ਚ ਡੀਸੀ ਦਫ਼ਤਰ ਜਲੰਧਰ ਤੇ ਭਾਰਤੀ ਚੋਣ ਕਮਿਸ਼ਨ (ਡੀਪੀਆਈ ਪੰਜਾਬ) ਦੇ ਨਿਰਦੇਸ਼ਾਂ ਹੇਠ ਰਾਜਨੀਤੀ ਸ਼ਾਸਤਰ ਵਿਭਾਗ ਤੇ ਸਵੀਪ ਯੂਨਿਟ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ‘ਪਾਰਲੀਮੈਂਟਰੀ ਡੈਮੋਕ੍ਰੇਸੀ ਐਂਡ ਇਨੋਵੇਟਿਵ ਅਪਰੋਚ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਰਿਟਾਇਰਡ ਪ੍ਰੋਫੈਸਰ ਤ੍ਰਿਪਤਾ ਹਾਂਡਾ, ਸਾਬਕਾ ਮੁਖੀ ਪੋਲੀਟਿਕਲ ਸਾਇੰਸ ਵਿਭਾਗ, ਪੀਸੀਐੱਮਐੱਸਡੀ ਕਾਲਜ ਫਾਰ ਵੂਮੈਨ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਵਾਣੀ ਦੱਤ ਸ਼ਰਮਾ ਵੱਲੋਂ ਹਰਾ ਪੌਦਾ ਭੇਟ ਕਰ ਕੇ ਕੀਤਾ ਗਿਆ। ਪ੍ਰੋਫੈਸਰ ਤ੍ਰਿਪਤਾ ਹਾਂਡਾ ਨੇ ਵਿਦਿਆਰਥਣਾਂ ਨੂੰ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ, ਵੋਟਿੰਗ ਪ੍ਰਕਿਰਿਆ, ਲੋਕਤੰਤਰ ’ਚ ਇਕ ਵੋਟ ਦੇ ਮਹੱਤਵ, ਵੋਟਰਾਂ ਦੀਆਂ ਕਿਸਮਾਂ, ਵੋਟਿੰਗ ਮਸ਼ੀਨਾਂ ਤੇ ਵੀਵੀ ਪੈਟ ਮਸ਼ੀਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਚੋਣਾਂ ’ਚ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰੇਰਿਤ ਕਰਦਿਆਂ ਵੋਟ ਦੇ ਅਧਿਕਾਰ ਦੀ ਮਹੱਤਤਾ ’ਤੇ ਵੀ ਰੌਸ਼ਨੀ ਪਾਈ। ਇਸ ਮੌਕੇ ਪ੍ਰੋਫੈਸਰ ਕੁਲਵਿੰਦਰ ਵੱਲੋਂ ਵੋਟਰ ਦਿਵਸ ਸਬੰਧੀ ਸਹੁੰ ਚੁਕਾਈ ਗਈ। ਸਮਾਗਮ ਦੇ ਅੰਤ ’ਚ ਕਾਲਜ ਪ੍ਰਿੰਸੀਪਲ ਵੱਲੋਂ ਰਿਸੋਰਸ ਪਰਸਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਧੰਨਵਾਦ ਕੀਤਾ ਗਿਆ ਤੇ ਸਵੀਪ ਨਕੋਦਰ ਜ਼ੋਨ ਦੇ ਨੋਡਲ ਅਫਸਰ ਪ੍ਰੋ. ਬਲਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਪੋਲੀਟਿਕਲ ਸਾਇੰਸ ਵਿਭਾਗ ਦੇ ਪ੍ਰੋ. ਸੁਨੀਲ ਕੁਮਾਰ (ਨੋਡਲ ਅਫਸਰ, ਸਵੀਪ), ਪ੍ਰੋ. ਕੁਲਵਿੰਦਰ, ਪ੍ਰੋ. ਮਨਪ੍ਰੀਤ ਕੌਰ ਤੇ ਪ੍ਰੋ. ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਦੌਰਾਨ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਰਹੀਆਂ। ਅੰਤ ’ਚ ਰਿਸੋਰਸ ਪਰਸਨ ਵੱਲੋਂ ਬੂਟਾ ਵੀ ਲਗਾਇਆ ਗਿਆ। ਮੰਚ ਸੰਚਾਲਨ ਪ੍ਰੋਫੈਸਰ ਸੁਨੀਲ ਕੁਮਾਰ ਵੱਲੋਂ ਕੀਤਾ ਗਿਆ।