ਯੂਨੀਵਰਸਿਟੀ ਕਾਲਜ ’ਚ ਸੰਤੁਲਿਤ ਖੁਰਾਕ ਬਾਰੇ ਦੱਸਿਆ
ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਪੋਸ਼ਣ ਤੇ ਮਾਨਸਿਕ ਸਿਹਤ ’ਤੇ ਸੈਮੀਨਾਰ ਕਰਵਾਇਆ
Publish Date: Wed, 25 Mar 2026 08:10 PM (IST)
Updated Date: Wed, 25 Mar 2026 08:14 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ’ਚ ਅੱਜ ਪੋਸ਼ਣ ਤੇ ਮਾਨਸਿਕ ਸਿਹਤ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਰਹਿਨੁਮਾਈ ਹੇਠ ਕਰਵਾਇਆ। ਸੈਮੀਨਾਰ ’ਚ ਮੁੱਖ ਰਿਸੋਰਸ ਪਰਸਨ ਵਜੋਂ ਨੂਪੁਰ ਚੋਪੜਾ, ਰਿਟਾਇਰਡ ਐਸੋਸੀਏਟ ਪ੍ਰੋਫੈਸਰ ਬੀਡੀਆਰ ਕਾਲਜ ਜਲੰਧਰ ਤੇ ਆਤਮਾ ਸਿੰਘ, ਮੁੱਖੀ ਹੋਮ ਸਾਇੰਸ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਜਲੰਧਰ ਨੇ ਸ਼ਿਰਕਤ ਕੀਤੀ। ਦੋਵਾਂ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਹੀ ਖਾਣ-ਪੀਣ ਦੀਆਂ ਆਦਤਾਂ ਨਾ ਸਿਰਫ਼ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਤਣਾਅ, ਚਿੰਤਾ ਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਆਤਮਾ ਸਿੰਘ ਨੇ ਵਿਦਿਆਰਥੀਆਂ ਨੂੰ ਨਿਊਰੋਟਰਾਂਸਮੀਟਰ, ਸੈਰੋਟੋਨਿਨ, ਕੋਰਟੀਸੋਲ ਤੇ ਗਾਬਾ ਆਦਿ ਦੇ ਸਾਡੀ ਮਾਨਸਿਕ ਸਿਹਤ ’ਤੇ ਪੈਂਦੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ’ਚ ਸਾਡੇ ਖਾਣ ਪੀਣ ਦੀਆਂ ਆਦਤਾਂ ਤੇ ਵਾਤਾਵਰਨ ਸਾਡੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਸ ਮੌਕੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਰਿਸੋਰਸ ਪਰਸਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਜੀਵਨ ’ਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਦੇ ਹਨ। ਇਸ ਸੈਮੀਨਾਰ ਦਾ ਪ੍ਰਬੰਧ ਕੋ-ਕਨਵੀਨਰ ਦੀਪਿਕਾ ਧਵਨ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਅੰਜਲੀ ਯਾਦਵ ਵੱਲੋਂ ਬਾਖ਼ੂਬੀ ਕੀਤਾ ਗਿਆ।