ਮਾਨਸਿਕ ਸਮੱਸਿਆਵਾਂ ਦੂਰ ਕਰਨ ਦੇ ਢੰਗ ਦੱਸੇ
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਮਾਨਸਿਕ ਸਿਹਤ 'ਤੇ ਸੈਮੀਨਾਰ ਕਰਵਾਇਆ
Publish Date: Tue, 10 Mar 2026 06:20 PM (IST)
Updated Date: Tue, 10 Mar 2026 06:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਮਾਨਸਿਕ ਸਿਹਤ ਤੇ ਇਕ ਸੈਮੀਨਾਰ ਕਰਵਾਇਆ। ਇਸ ’ਚ ਕੰਵਰਦੀਪ ਸਿੰਘ ਭਾਟੀਆ ਤੇ ਰੂਹੀ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨਾਲ ਸਬੰਧਤ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੰਵਰਦੀਪ ਸਿੰਘ ਭਾਟੀਆ, ਰੂਹੀ ਤੇ ਪੁਨੀਤ ਅਗਰਵਾਲ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ। ਆਪਣੇ ਲੈਕਚਰ ’ਚ ਕੰਵਰਦੀਪ ਭਾਟੀਆ ਨੇ ਕਿਹਾ ਕਿ ਵਰਤਮਾਨ ਸਮੇਂ ’ਚ ਮਾਨਸਿਕ ਸਿਹਤ ਇਕ ਵੱਡਾ ਚੈਲੇਂਜ ਬਣ ਚੁੱਕੀ ਹੈ ਤੇ ਵਿਦਿਆਰਥੀ ਚਿੰਤਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ ਤੇ ਉਹ ਆਪਣੇ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ। ਨਾਲ ਹੀ ਕਿਸੇ ਨਾ ਕਿਸੇ ਖੇਡ ਗਤੀਵਿਧੀ ’ਚ ਹਿੱਸਾ ਲੈਣਾ ਵੀ ਮਾਨਸਿਕ ਸਿਹਤ ਲਈ ਲਾਭਦਾਇਕ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਦੀ ਸੰਭਾਲ ਅੱਜ ਕਾਲਜਾਂ ਤੇ ਸਕੂਲਾਂ ਲਈ ਬੇਹਦ ਜ਼ਰੂਰੀ ਹੈ। ਕਾਲਜ ’ਚ ਜਲਦ ਹੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਸਟਰੈਸ ਰਿਲਿਜ਼ਿੰਗ ਰੂਮ ਬਣਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰੈੱਡ ਰਿਬਨ ਕਲੱਬ ਦੇ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਵੀ ਮਾਨਸਿਕ ਸਿਹਤ ਤੇ ਬੁਰਾ ਅਸਰ ਪਾ ਰਹੀ ਹੈ। ਰੈੱਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ, ਜਨਰਲ ਸਕੱਤਰ ਮੇਜਰ ਪੰਕਜ ਗੁਪਤਾ (ਵਿਭਾਗ ਇੰਚਾਰਜ), ਮੈਡਮ ਮੀਨਾ ਬਾਂਸਲ, ਜੁਆਇੰਟ ਸਕੱਤਰ ਅਭਿਸ਼ੇਕ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੰਵਰਦੀਪ ਭਾਟੀਆ, ਰੂਹੀ ਤੇ ਉਨਾਂ ਦੇ ਟੀਮ ਤੇ ਪੁਨੀਤ ਅਗਰਵਾਲ ਨੂੰ ਸਨਮਾਨਿਤ ਵੀ ਕੀਤਾ।