- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਪਤੀ ਦੇ ਆਉਣ ਨੂੰ ਲੈ ਕੇ ਸ਼ਹਿਰ ’ਚ ਕੀਤੇ ਸੁਰੱਖਿਆ ਪ੍ਰਬੰਧ

- ਏਡੀਜੀਪੀ ਆਰਕੇ ਜਾਇਸਵਾਲ ਦੇ ਹੱਥ ਰਹੇਗੀ ਸੁਰੱਖਿਆ ਦੀ ਕਮਾਨ, ਲਗਪਗ 2800 ਜਵਾਨ ਰਹਿਣਗੇ ਤਾਇਨਾਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਸ਼ਟਰਪਤੀ ਦੇ ਪ੍ਰਸਤਾਵਿਤ ਸ਼ਹਿਰ ਦੇ ਦੌਰੇ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵਿਸ਼ਾਲ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਪੂਰੀ ਸੁਰੱਖਿਆ ਮੁਹਿੰਮ ਦੀ ਕਮਾਂਡ ਏਡੀਜੀਪੀ ਆਰਕੇ ਜਾਇਸਵਾਲ ਦੇ ਹੱਥਾਂ ’ਚ ਰਹੇਗੀ। ਰਾਸ਼ਟਰਪਤੀ ਦੇ ਆਗਮਨ ਤੋਂ ਲੈ ਕੇ ਰਵਾਨਗੀ ਤੱਕ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ, ਇਸ ਲਈ ਲਗਪਗ 2800 ਪੁਲਿਸ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ ਤੇ ਹਰ ਪੱਧਰ ’ਤੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ਼ਹਿਰ ਦੇ ਮੁੱਖ ਮਾਰਗਾਂ, ਸੰਵੇਦਨਸ਼ੀਲ ਇਲਾਕਿਆਂ ਤੇ ਰਾਸ਼ਟਰਪਤੀ ਦੇ ਕਾਰਜਕ੍ਰਮ ਸਥਾਨਾਂ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਪ੍ਰਬੰਧ ਨੂੰ ਬਹੁ-ਪੱਧਰੀ ਬਣਾਇਆ ਗਿਆ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ। ਜ਼ਿਲ੍ਹਾ ਪੁਲਿਸ ਤੋਂ ਇਲਾਵਾ ਕਮਾਂਡੋ, ਕਵਿਕ ਰਿਸਪਾਂਸ ਟੀਮ (ਕਿਊਆਰਟੀ) ਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਵੀ ਸੁਰੱਖਿਆ ’ਚ ਸ਼ਾਮਲ ਰਹਿਣਗੇ। ਬੰਬ ਨਿਰੋਧਕ ਦਸਤਾ ਤੇ ਡਾਗ ਸਕੁਐਡ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।
ਪ੍ਰੋਗਰਾਮ ਸਥਾਨ ਦੇ ਮਾਰਗਾਂ ’ਤੇ ਵਿਸ਼ੇਸ਼ ਬੈਰੀਕੇਡਿੰਗ
ਰਾਸ਼ਟਰਪਤੀ ਦੇ ਪ੍ਰੋਗਰਾਮ ਵੱਲ ਜਾਣ ਵਾਲੇ ਮਾਰਗਾਂ ’ਤੇ ਵਿਸ਼ੇਸ਼ ਬੈਰੀਕੇਡਿੰਗ ਕੀਤੀ ਗਈ ਹੈ। ਇਨ੍ਹਾਂ ਰਾਹਾਂ ’ਤੇ ਆਮ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਲੋੜ ਪੈਣ ’ਤੇ ਟ੍ਰੈਫਿਕ ’ਚ ਅਸਥਾਈ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ। ਟ੍ਰੈਫਿਕ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਸੁਰੱਖਿਆ ਦੇ ਨਾਲ-ਨਾਲ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।
-----------------------
ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾਵੇਗੀ ਵਿਸ਼ੇਸ਼ ਨਿਗਰਾਨੀ
ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਸ਼ਹਿਰ ਭਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਕੰਟਰੋਲ ਰੂਮ ਤੋਂ ਲਗਾਤਾਰ ਮਾਨੀਟਰਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਟਲਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬਾਜ਼ਾਰਾਂ ਅਤੇ ਹੋਰ ਭੀੜਭਾੜ ਵਾਲੇ ਜਨਤਕ ਸਥਾਨਾਂ ’ਤੇ ਵੀ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
-----------------------
ਸਾਰੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਏਡੀਜੀਪੀ ਆਰਕੇ ਜਾਇਸਵਾਲ ਨੇ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਕੀਤੀ ਤੇ ਸਭ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਤੇ ਇਸ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਜਾਂਚ ਦੌਰਾਨ ਪੁਲਿਸ ਦਾ ਪੂਰਾ ਸਹਿਯੋਗ ਕਰਨ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤਿਵਿਧੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿਓ, ਤਾਂ ਜੋ ਰਾਸ਼ਟਰਪਤੀ ਦਾ ਦੌਰਾ ਸ਼ਾਂਤੀਪੂਰਨ, ਸੁਰੱਖਿਅਤ ਤੇ ਸਫਲਤਾਪੂਰਵਕ ਸੰਪੰਨ ਹੋ ਸਕੇ।
ਰਾਸ਼ਟਰਪਤੀ ਦੀ ਸੁਰੱਖਿਆ ਲਈ ਪੰਜ ਮੈਡੀਕਲ ਟੀਮਾਂ ਤਾਇਨਾਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਹਤ ਵਿਭਾਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਜਲੰਧਰ ਦੌਰੇ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਸਿਵਿਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੌਜ ਅਤੇ ਏਅਰਫੋਰਸ ਸਟੇਸ਼ਨ ਆਦਮਪੁਰ ਤੋਂ ਇਲਾਵਾ ਦੋ ਸਰਕਾਰੀ ਅਤੇ ਤਿੰਨ ਨਿੱਜੀ ਹਸਪਤਾਲਾਂ ਦੇ ਸਹਿਯੋਗ ਨਾਲ ਸਿਹਤ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ।
ਵਿਭਾਗ ਵੱਲੋਂ ਰਾਸ਼ਟਰਪਤੀ ਲਈ ਚਾਰ ਅਤੇ ਰਾਜਪਾਲ ਲਈ ਇੱਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ। ਰਾਸ਼ਟਰਪਤੀ ਲਈ ਤਾਇਨਾਤ ਚਾਰਾਂ ਟੀਮਾਂ ਵਿੱਚ ਹਰ ਇੱਕ ਵਿੱਚ ਚਾਰ-ਚਾਰ ਡਾਕਟਰ ਸ਼ਾਮਲ ਹਨ, ਜਿਨ੍ਹਾਂ ਵਿੱਚ ਮੈਡੀਕਲ ਸਪੈਸ਼ਲਿਸਟ, ਸਰਜਨ, ਐਨੇਸਥੀਸ਼ੀਆ ਅਤੇ ਪੈਥੋਲੋਜਿਸਟ ਸ਼ਾਮਲ ਹਨ। ਜਦਕਿ ਰਾਜਪਾਲ ਲਈ ਤੈਨਾਤ ਟੀਮ ਵਿੱਚ ਦੋ ਸਪੈਸ਼ਲਿਸਟ ਡਾਕਟਰ ਹੋਣਗੇ।
ਸਭ ਟੀਮਾਂ ਨੂੰ ਐਡਵਾਂਸ ਲਾਈਫ ਸਪੋਰਟ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦੀ ਟੀਮ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਦਵਾਈਆਂ ਵੀ ਯਕੀਨੀ ਬਣਾਈਆਂ ਗਈਆਂ ਹਨ। ਟੀਮ ਕੋਲ ਰਾਸ਼ਟਰਪਤੀ ਦੇ ਓ-ਪਾਜ਼ੇਟਿਵ ਬਲੱਡ ਗਰੁੱਪ ਦੇ ਯੂਨਿਟ ਵੀ ਉਪਲੱਬਧ ਕਰਵਾਏ ਗਏ ਹਨ ਅਤੇ ਤਿੰਨ ਡੋਨਰਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਖਾਣੇ ਦੀ ਜਾਂਚ ਲਈ ਵੀ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।