ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਬੰਧੀ ਸੈਮੀਨਾਰ ਭਲਕੇ
ਸਤਿਗੁਰੂ ਰਵਿਦਾਸ ਜੀ ਨਾਲ ਸਬੰਧਤ ਦੂਜਾ ਸੈਮੀਨਾਰ ਭਲਕੇ
Publish Date: Fri, 03 Apr 2026 06:45 PM (IST)
Updated Date: Fri, 03 Apr 2026 08:43 PM (IST)
-ਤੀਜਾ ਸੈਮੀਨਾਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ’ਚ 24 ਮਈ ਨੂੰ : ਪ੍ਰੋ. ਭਾਟੀਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਨਾਲ ਸਬੰਧਤ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਉਣ ਵਾਲੀ ਪੰਜਾਬ ਪੱਧਰੀ ਸੰਸਥਾ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਦੂਜਾ ਸੈਮੀਨਾਰ ਜਲੰਧਰ ਦੇ ਨਕੋਦਰ ਰੋਡ ’ਤੇ ਸਥਿਤ ਡਾ. ਭੀਮ ਰਾਓ ਅੰਬੇਡਕਰ ਹਾਲ ਵਿਚ 5 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਨੇ ਕਿਹਾ ਕਿ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਸਰਪ੍ਰਸਤ ਮਿਲਕਫੈੱਡ ਪੰਜਾਬ ਦੇ ਸਾਬਕਾ ਜੀਐੱਮ ਬਲਵਿੰਦਰ ਸਿੰਘ ਜਾਤੀਵਾਲ ਤੇ ਲੇਖਕ ਗੁਰਨਾਮ ਸਿੰਘ ਅਕੀਦਾ ਦੇ ਮੁੱਖ ਕੋਆਰਡੀਨੇਸ਼ਨ ’ਚ ਪੰਜਾਬ ਭਰ ਵਿਚ ਸੈਮੀਨਾਰ ਕਰਾਏ ਜਾ ਰਹੇ ਹਨ, ਜਿਸ ਤਹਿਤ ਪਹਿਲਾ ਸੈਮੀਨਾਰ ਲੁਧਿਆਣਾ ਵਿਖੇ ਹੋਇਆ ਜਦ ਕਿ ਦੂਜਾ ਸੈਮੀਨਾਰ ਜਲੰਧਰ ਵਿਖੇ 5 ਅਪ੍ਰੈਲ ਨੂੰ ਹੋ ਰਿਹਾ ਹੈ, ਜਦ ਕਿ ਤੀਜਾ ਸੈਮੀਨਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨਾਭਾ ’ਚ 24 ਮਈ ਨੂੰ ਕਰਵਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਇਹ ਸੈਮੀਨਾਰ ਚੰਡੀਗੜ੍ਹ, ਮੋਹਾਲੀ, ਰੋਪੜ, ਸੰਗਰੂਰ, ਰਾਜਪੁਰਾ, ਬਠਿੰਡਾ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਕਤਸਰ, ਫ਼ਰੀਦਕੋਟ, ਇਸੇ ਤਰ੍ਹਾਂ ਨਵੰਬਰ ’ਚ ਦੋ ਦਿਨਾਂ ਕਾਨਫ਼ਰੰਸ ਪਟਿਆਲਾ ਵਿਖੇ ਹੋਵੇਗੀ, ਇਨ੍ਹਾਂ ਸੈਮੀਨਾਰਾਂ ’ਚ ਖੋਜ ਭਰਪੂਰ ਪਰਚੇ ਪੜ੍ਹੇ ਜਾ ਰਹੇ ਹਨ, ਜਿਵੇਂ ਕਿ ਜਲੰਧਰ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਵੱਖ-ਵੱਖ ਪਹਿਲੂਆਂ ਤੇ ਖੋਜ ਕਰਨ ਵਾਲੇ ਰੂਪ ਲਾਲ ਰੂਪ, ਇਸੇ ਤਰ੍ਹਾਂ ਦੀ ਖੋਜ ਕਰਨ ਵਾਲੇ ਡਾ. ਸ਼ੀਤਲ ਸਿੰਘ, ਪੇਪਰ ਪੜ੍ਹਨਗੇ ਜਦ ਕਿ ਇੱਥੇ ਕੁੰਜੀਵਤ ਭਾਸ਼ਣ ਸ੍ਰੀ ਗੁਰੂ ਰਵਿਦਾਸ ਜੀ ਤੇ ਖੋਜ ਕਰਨ ਵਾਲੇ ਡਾ. ਗੁਰਮੀਤ ਕੱਲਰਮਾਜਰੀ ਦੇਣਗੇ। ਜ਼ਿਕਰਯੋਗ ਹੈ ਕਿ ਇੱਥੇ ਪ੍ਰੋ. ਲਾਲ ਬਹਾਦਰ ਭਾਟੀਆ ਵੀ ਖੋਜ ਭਰਪੂਰ ਪੇਪਰ ਪੜ੍ਹਨਗੇ। ਇਸ ਸੈਮੀਨਾਰ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜਾਤੀਵਾਲ ਕਰਨਗੇ ਜਦ ਕਿ ਮੁੱਖ ਮਹਿਮਾਨ ਉੱਘੇ ਗੀਤਕਾਰ ਮਦਨ ਜਲੰਧਰੀ ਹੋਣਗੇ। ਇਸ ਵੇਲੇ ਦੋ ਕਿਤਾਬਾਂ ਸ੍ਰੀ ਗੁਰੂ ਰਵਿਦਾਸ ਜੀ ਤੇ ਆਦਿ ਧਰਮ ਦੇ ਮੋਢੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਤੇ ਰਿਲੀਜ਼ ਕੀਤੀਆਂ ਜਾਣਗੀਆਂ।