ਪੀਐੱਨਬੀ ਬੈਂਕ ਡਕੈਤੀ ਦਾ ਦੂਜਾ ਫਰਾਰ ਮੁਲਜ਼ਮ ਵੀ ਕਾਬੂ
ਪੀਐੱਨਬੀ ਬੈਂਕ ਡਕੈਤੀ ਦਾ ਦੂਜਾ ਫਰਾਰ ਮੁਲਜ਼ਮ ਵੀ ਕਾਬੂ
Publish Date: Thu, 16 Apr 2026 08:56 PM (IST)
Updated Date: Thu, 16 Apr 2026 09:00 PM (IST)
-ਸੇਵਾਮੁਕਤ ਡੀਐੱਸਪੀ ਦੇ ਪੁੱਤਰ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਥਾਣਾ ਨੰਬਰ ਸੱਤ ਦੀ ਪੁਲਿਸ ਨੇ ਪਿਛਲੇ ਦਿਨੀ ਹੋਈ ਪੀਐੱਨਬੀ ਬੈਂਕ ’ਚ ਡਕੈਤੀ ਦੇ ਮਾਮਲੇ ’ਚ ਫਰਾਰ ਚੱਲ ਰਹੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਮਾਮਲੇ ’ਚ ਸੇਵਾਮੁਕਤ ਡੀਐੱਸਪੀ ਦੇ ਪੁੱਤਰ ਨੂੰ ਪਿਸਟਲ ਤੇ ਲੁੱਟੀ ਹੋਈ ਨਕਦੀ ਦੇ ਕੁਝ ਹਿੱਸੇ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ। ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ’ਚ ਵੀਰਵਾਰ ਨੂੰ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਥਾਣਾ ਨੰਬਰ ਸੱਤ ਦੇ ਇਲਾਕੇ ’ਚ ਪੈਂਦੇ ਬੈਂਕ ਇਨਕਲੇਵ ਕੋਲ ਸਥਿਤ ਕੁੱਕੀ ਢਾਬ ’ਚ ਪੰਜਾਬ ਨੈਸ਼ਨਲ ਬੈਂਕ ’ਚ ਦੋ ਨਕਾਬਪੋਸ਼ ਲੁਟੇਰੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਬੈਂਕ ਅਧਿਕਾਰੀ ਵਿਕਰਮ ਭਗਤ ਦੇ ਬਿਆਨਾਂ ’ਤੇ ਧਾਰਾ 309(4) ਬੀਐੱਨਐੱਸ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਲਈ ਕੁਝ ਮਿੰਟਾਂ ’ਚ ਹੀ ਪੁਲਿਸ ਟੀਮਾਂ ਦਾ ਗਠਨ ਕੀਤਾ ਸੀ।
ਪੁਲਿਸ ਟੀਮਾਂ ਨੇ ਕੁਝ ਘੰਟਿਆਂ ’ਚ ਇਸ ਮਾਮਲੇ ਦੇ ਮੁੱਖ ਮੁਲਜ਼ਮ ਜੋ ਕਿ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐੱਸਪੀ ਦਾ ਪੁੱਤਰ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਵਾਸੀ ਗਰੀਨ ਮਾਡਲ ਟਾਊਨ ਸੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਰਿਵਾਲਵਰ, ਤਿੰਨ ਕਾਰਤੂਸ ਤੇ 3 ਲੱਖ ਰੁਪਏ ਬਰਾਮਦ ਕਰ ਲਏ ਸਨ। ਪੁਲਿਸ ਵੱਲੋਂ ਉਸ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਕੀਤੀ ਗਈ ਪੁੱਛਗਿਛ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੇ ਦੂਜੇ ਸਾਥੀ ਦੀ ਤਲਾਸ਼ ’ਚ ਛਾਪਾਮਾਰੀ ਕਰ ਰਹੀ ਸੀ। ਕ੍ਰਾਈਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਅਤੇ ਥਾਣਾ ਸੱਤ ਦੇ ਐੱਸਐੱਚਓ ਰਮੇਸ਼ ਕੁਮਾਰ ਵੱਲੋਂ ਇਸ ਮਾਮਲੇ ’ਚ ਖੁਫੀਆ ਜਾਣਕਾਰੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਸ ਮਾਮਲੇ ’ਚ ਫਰਾਰ ਚੱਲ ਰਹੇ ਦੀਪਕ ਪਾਲ ਉਰਫ ਦੀਪੂ ਵਾਸੀ ਟਿਊਬਵੈੱਲ ਵਾਲੀ ਗਲੀ ਆਬਾਦਪੁਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਉਸ ਕੋਲੋਂ ਬੈਂਕ ’ਚੋਂ ਲੁੱਟੀ ਗਈ ਬਕਾਇਆ ਨਕਦੀ ਬਾਰੇ ਪਤਾ ਲਗਾਇਆ ਜਾਵੇਗਾ। ਉਮੀਦ ਹੈ ਕਿ ਜਲਦ ਹੀ ਲੁੱਟੀ ਹੋਈ ਨਕਦੀ ਬਰਾਮਦ ਕਰ ਲਈ ਜਾਵੇਗੀ। ਫਿਲਹਾਲ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।