ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੰਜਾਬ-ਰਾਜਸਥਾਨ ’ਚ ਸਰਚ ਆਪ੍ਰੇਸ਼ਨ ਤੇਜ਼
ਬਾਰਡਰ ਇਲਾਕੇ ’ਚ ਮੁੱਖ ਮੁਲਜ਼ਮ ਦੇ ਹੋਣ ਦੀ ਸੰਭਾਵਨਾ ਕਾਰਨ ਪੰਜਾਬ-ਰਾਜਸਥਾਨ ’ਚ ਸਰਚ ਆਪਰੇਸ਼ਨ ਤੇਜ਼
Publish Date: Tue, 17 Mar 2026 08:45 PM (IST)
Updated Date: Tue, 17 Mar 2026 08:49 PM (IST)

-ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਬਾਅਦ ਕਈ ਠਿਕਾਣਿਆਂ ’ਤੇ ਛਾਪੇਮਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੱਕੀ ਓਬੇਰਾਏ ਹਤਿਆਕਾਂਡ ਦੀ ਜਾਂਚ ਕਰ ਰਹੀ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ, ਜਿਸ ਤੋਂ ਬਾਅਦ ਮੁੱਖ ਮੁਲਜ਼ਮ ਦੀ ਭਾਲ ਹੋਰ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਪੰਜਾਬ ਦੇ ਬਾਰਡਰ ਇਲਾਕੇ ’ਚ ਕਿਤੇ ਲੁਕਿਆ ਹੋਇਆ ਹੈ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਦੱਸਿਆ ਸੀ ਕਿ ਉਸ ਨੂੰ ਫਿਰੋਜ਼ਪੁਰ ਦੇ ਆਸ-ਪਾਸ ਦੇਖਿਆ ਗਿਆ ਸੀ, ਜਦਕਿ ਉਸ ਦੇ ਰਾਜਸਥਾਨ ਭੱਜਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਪੁਲਿਸ ਨੇ ਹੁਣ ਇਸ ਮਾਮਲੇ ’ਚ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ। ਜਾਂਚ ਦੌਰਾਨ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਿਸ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੰਜਾਬ ਪੁਲਿਸ ਨੇ ਬਾਰਡਰ ਨਾਲ ਲੱਗਦੇ ਇਲਾਕਿਆਂ ’ਚ ਸਰਚ ਆਪ੍ਰੇਸ਼ਨ ਤੇਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਾਜਸਥਾਨ ਪੁਲਿਸ ਨਾਲ ਤਾਲਮੇਲ ਬਣਾ ਕੇ ਉੱਥੇ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਲਗਾਤਾਰ ਮੁਲਜ਼ਮ ਦੀ ਲੋਕੇਸ਼ਨ ਟ੍ਰੇਸ ਕਰਨ ’ਚ ਜੁਟੀਆਂ ਹੋਈਆਂ ਹਨ। ਇਸ ਮਾਮਲੇ ’ਚ ਹੁਣ ਤੱਕ ਕਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਮੁੱਖ ਮੁਲਜ਼ਮ ਨੇੜੇ ਪੁੱਜਣ ਦਾ ਦਾਅਵਾ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁੱਖ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।