ਸੀਡੀਪੀਓ ਦੀ ਬਦਸਲੂਕੀ ਤੇ ਧਮਕੀਆਂ ਸਬੰਧੀ ਐੱਸਡੀਐੱਮ ਨੂੰ ਮਿਲਿਆ ਵਫ਼ਦ
ਸੀਡੀਪੀਓ ਦੇ ਰਵੱਈਏ ਸਬੰਧੀ ਐੱਸਡੀਐੱਮ ਨੂੰ ਮਿਲਿਆ ਵਫਦ
Publish Date: Mon, 16 Mar 2026 09:37 PM (IST)
Updated Date: Mon, 16 Mar 2026 09:40 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਾਲ ਵਿਕਾਸ ਪ੍ਰਾਜੈਕਟ ਅਫਸਰ (ਸੀਡੀਪੀਓ) ਸ਼ਾਹਕੋਟ ’ਤੇ ਬਦਸਲੂਕੀ ਕਰਨ, ਨਾਜਾਇਜ਼ ਦਬਾਅ ਪਾਉਣ ਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਸੋਮਵਾਰ ਨੂੰ ਕਾਮਰੇਡ ਚਰਨਜੀਤ ਥੰਮੂਵਾਲ ਤੇ ਕਾਮਰੇਡ ਨਿਰਮਲ ਸਿੰਘ ਮਲਸੀਆਂ ਦੀ ਅਗਵਾਈ ਹੇਠ ਇਕ ਵਫ਼ਦ ਨੇ ਐੱਸਡੀਐੱਮ ਸ਼ਾਹਕੋਟ ਨਾਲ ਮੁਲਾਕਾਤ ਕੀਤੀ ਤੇ ਉਕਤ ਅਧਿਕਾਰੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹਲਫ਼ੀਆ ਬਿਆਨ ਵਿੱਚ ਆਂਗਨਵਾੜੀ ਸੈਂਟਰ ਲਕਸੀਆਂ-2 (ਮਲਸੀਆਂ) ਦੀ ਵਰਕਰ ਮਨਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਉਸਦੀ ਸੇਵਾਮੁਕਤੀ 30 ਅਪ੍ਰੈਲ 2026 ਨੂੰ ਹੋਣੀ ਤੈਅ ਹੈ ਪਰ ਸੀਡੀਪੀਓ ਵੱਲੋਂ ਉਸ ‘ਤੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਲਈ ਮਾਨਸਿਕ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਵਰਕਰ ਨੇ ਦੱਸਿਆ ਕਿ 6 ਮਾਰਚ 2026 ਨੂੰ ਸੈਂਟਰ ਦੀ ਚੈਕਿੰਗ ਦੌਰਾਨ ਸੀਡੀਪੀਓ ਵੱਲੋਂ ਰਾਸ਼ਨ ਸਬੰਧੀ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ। ਸੈਂਟਰ ਹੈਲਪਰ ਸੱਤਿਆ ਨੂੰ ਲਾਭਪਾਤਰੀਆਂ ਦੇ ਦਸਤਖਤ ਕਰਵਾਉਣ ਲਈ ਕਿਹਾ ਗਿਆ ਅਤੇ ਇਨਕਾਰ ਕਰਨ ‘ਤੇ ਅਧਿਕਾਰੀ ਵੱਲੋਂ ਲੱਤਾਂ ਭੰਨਣ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਐੱਸਡੀਐੱਮ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਹੋਰ ਬਜ਼ੁਰਗ ਹੈਲਪਰ ਗੁਰਜੀਤ ਕੌਰ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਬਾਰੇ ਦੱਸਿਆ ਗਿਆ ਕਿ ਉਸਨੇ ਪਹਿਲੀ ਮਾਰਚ ਨੂੰ ਕੈਂਪ ਵਿੱਚੋਂ ਅੱਖ ਦਾ ਆਪ੍ਰੇਸ਼ਨ ਕਰਵਾਇਆ ਸੀ ਤੇ 4 ਮਾਰਚ ਨੂੰ ਡਿਊਟੀ ਤੇ ਪਰਤੀ ਸੀ। 6 ਮਾਰਚ ਨੂੰ ਚੈਕਿੰਗ ਦੌਰਾਨ ਅਧਿਕਾਰੀ ਵੱਲੋਂ ਉਸਦੀ ਉਮਰ ਦਾ ਮਜ਼ਾਕ ਉਡਾਇਆ ਗਿਆ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਹੋਏ ਬੁਰੀ ਤਰ੍ਹਾਂ ਝਿੜਕਿਆ ਗਿਆ। ਇਸ ਮਾਨਸਿਕ ਤਣਾਅ ਕਾਰਨ ਬਜ਼ੁਰਗ ਹੈਲਪਰ ਦੇ ਦਿਮਾਗ ‘ਤੇ ਡੂੰਘਾ ਅਸਰ ਪਿਆ ਅਤੇ ਡਾਕਟਰਾਂ ਅਨੁਸਾਰ ਉਸ ਦੀ ਆਪ੍ਰੇਸ਼ਨ ਵਾਲੀ ਅੱਖ ਦੀ ਰੌਸ਼ਨੀ ਚਲੀ ਗਈ ਹੈ। ਕਾਮਰੇਡ ਚਰਨਜੀਤ ਥੰਮੂਵਾਲ ਤੇ ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਗਰੀਬ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਕਰਨ ਵਾਲੀ ਅਧਿਕਾਰੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ। --- ਗ਼ੈਰ ਹਜ਼ਾਰ ਪਾਈ ਗਈ ਸੀ ਆਂਗਨਵਾੜੀ ਵਰਕਰ : ਸੀਡੀਪੀਓ ਇਸ ਸਬੰਧੀ ਸੀਡੀਪੀਓ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫੂਡ ਕਮਿਸ਼ਨ ਦੇ ਮੈਂਬਰਾਂ ਵੱਲੋਂ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਆਂਗਣਵਾੜੀ ਵਰਕਰ ਗੈਰ-ਹਾਜ਼ਰ ਪਾਈ ਗਈ। ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਹੀ ਮਨਿੰਦਰ ਕੌਰ ਕੋਲੋਂ ਅਗਲੇ ਹੁਕਮਾਂ ਤਕ ਕੰਮ ਵਾਪਸ ਲਿਆ ਗਿਆ ਹੈ। ਮਨਿੰਦਰ ਕੌਰ ਵੱਲੋਂ ਕੰਮ ਦੌਰਾਨ ਗੈਰ-ਹਾਜ਼ਰ ਰਹਿਣ ਅਤੇ ਹੋਰ ਅਣਗਹਿਲੀਆਂ ਕਰਨ ਸਬੰਧੀ ਦਫਤਰ ਵੱਲੋਂ ਜਲਦ ਖੁਲਾਸਾ ਕੀਤਾ ਜਾਵੇਗਾ।