ਐੱਸਡੀ ਕਾਲਜ ਫਾਰ ਵੂਮੈਨ ਨੇ 51ਵਾਂ ਕਾਲਜ ਫੈਟ-2025 ਕਰਵਾਇਆ
ਐੱਸਡੀ ਕਾਲਜ ਫਾਰ ਵੂਮੈਨ ਵੱਲੋਂ 51ਵਾਂ ਕਾਲਜ ਫੈਟ 2025 ਸ਼ਾਨਦਾਰ ਕਰਵਾਇਆ
Publish Date: Sat, 07 Feb 2026 06:45 PM (IST)
Updated Date: Sun, 08 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. ਪੂਜਾ ਪਰਾਸ਼ਰ ਦੀ ਅਗਵਾਈ ਹੇਠ 51ਵਾਂ ਕਾਲਜ ਫੈਟ 2025 ਬੇਮਿਸਾਲ ਜੋਸ਼ ਤੇ ਉਤਸ਼ਾਹ ਨਾਲ ਕਰਵਾਇਆ। ਇਸ ਰੰਗਾਰੰਗ ਸਮਾਗਮ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਉੱਦਮੀ ਸੋਚ ਤੇ ਸੰਸਥਾ ਦੀ ਸੰਪੂਰਨ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ। ਡਾ. ਮਨਦੀਪ ਕੌਰ, ਸੰਯੁਕਤ ਕਮਿਸ਼ਨਰ, ਨਗਰ ਨਿਗਮ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨੋਦ ਦਾਦਾ, ਰਮਨ ਬੁਧੀਆ, ਚੰਦਰ ਮੋਹਿਨੀ ਮਾਰਕੰਡਾ, ਟੀਐੱਨ ਲਾਮਾ, ਡੀਕੇ ਜੋਸ਼ੀ, ਪ੍ਰਵੀਨ ਦਾਦਾ ਤੇ ਡਾ. ਕਿਰਨ ਅਰੋੜਾ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਫੁੱਲਾਂ ਨਾਲ ਸਵਾਗਤ ਤੇ ਰਸਮੀ ਦੀਵਾ ਪ੍ਰਜਵਲਨ ਨਾਲ ਹੋਈ। ਮੁੱਖ ਮਹਿਮਾਨ ਡਾ. ਮਨਦੀਪ ਕੌਰ ਨੇ ਆਪਣੇ ਸੰਬੋਧਨ ’ਚ ਭਾਰਤੀ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਸਮਾਜਿਕ ਸਦਭਾਵਨਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੈਫ਼ਲ ਡਰਾਅ ਦੇ ਸਪਾਂਸਰ ਅਤਿਨ, ਬ੍ਰਾਂਚ ਮੈਨੇਜਰ, ਸਟੇਟ ਬੈਂਕ ਆਫ਼ ਇੰਡੀਆ ਮੰਡੀ ਫੈਂਟਨ ਗੰਜ ਤੇ ਮਨੋਜ ਸੋਲੰਕੀ, ਬ੍ਰਾਂਚ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਲਾਡੋਵਾਲੀ ਰੋਡ ਨੂੰ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਨਾਲ ਮਾਹੌਲ ਖੁਸ਼ੀ ਨਾਲ ਭਰ ਗਿਆ। ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨੋਦ ਦਾਦਾ ਤੇ ਪ੍ਰਿੰਸੀਪਲ ਪ੍ਰੋ. ਪੂਜਾ ਪਰਾਸ਼ਰ ਨੇ ਸਾਰੇ ਜੇਤੂਆਂ ਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਫੈਟ ਇੰਚਾਰਜ ਸੁਨੀਤਾ ਭੱਲਾ ਤੇ ਉਨ੍ਹਾਂ ਦੀ ਟੀਮ ਦੀ ਅਣਥੱਕ ਮਿਹਨਤ ਲਈ ਵਿਸ਼ੇਸ਼ ਪ੍ਰਸ਼ੰਸਾ ਕੀਤੀ ਗਈ।