ਸੁਰਜੀਤ ਪਾਲ, ਪੰਜਾਬੀ ਜਾਗਰਣ,

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ :
ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਰਾਉਵਾਲੀ ਕੱਟ ਵਿਖੇ ਯੂ ਟਰਨ ਲੈ ਰਹੇ ਇਕ ਈ ਰਿਕਸ਼ਾ ਨੂੰ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਈ ਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਰਾਤ 9:30 ਵਜੇ ਦੇ ਕਰੀਬ ਰਾਉਵਾਲੀ ਮੋੜ ਪੀਐੱਨਬੀ ਬੈਂਕ ਦੇ ਸਾਹਮਣੇ ਯੂ ਟਰਨ ਲੈ ਰਹੇ ਈ ਰਿਕਸ਼ਾ ਨੰਬਰ ਪੀ ਬੀ 08 ਐੱਫ ਡੀ 1178, ਜਿਸ ਨੂੰ ਡਰਾਈਵਰ ਪੈਕਰਮਾ ਪੁੱਤਰ ਸਤਰੋਹਨ ਵਾਸੀ ਲਾਡੋਵਾਲੀ ਜਿਲਾ ਜਲੰਧਰ ਚਲਾ ਰਿਹਾ ਸੀ ਕਿ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਏਐੱਫ ਬਿਨਾਂ ਨੰਬਰੀ ਚਿੱਟੇ ਰੰਗ ਦੀ ਸਕਾਰਪੀਓ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਈ-ਰਿਕਸ਼ਾ ਵਿੱਚ ਸਵਾਰ ਡਰਾਈਵਰ ਅਤੇ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਐੱਮਡੀਟੀ ਡਿਵਾਈਸ ਤੋਂ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਐੱਸਐੱਸਐੱਫ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਪਲਟੀਆਂ ਖਾਂਦਾ ਹੋਇਆ ਰੋਡ ਤੋਂ ਸਾਈਡ ’ਤੇ ਜਾ ਡਿੱਗਿਆ। ਇਸ ਵਿੱਚ ਸਵਾਰ ਡਰਾਈਵਰ ਪੈਕਰਮਾ ਪੁੱਤਰ ਸਤਰੋਹਣ ਸਮੇਤ ਦੋ ਔਰਤਾਂ ਜਿਨ੍ਹਾਂ ਵਿੱਚ ਸੁਰਿੰਦਰ ਕੌਰ ਪਤਨੀ ਗੁਰਚਰਨ ਸਿੰਘ ਅਤੇ ਜਸਵੀਰ ਕੌਰ ਪਤਨੀ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਐਬੂਲੈਂਸ ਦੀ ਮਦਦ ਰਾਹੀਂ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਸਕਾਰਪੀਓ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਐੱਸਐੱਸਐੱਫ ਟੀਮ ਨੇ ਦੱਸਿਆ ਕਿ ਮੌਕੇ ’ਤੇ ਇਕੱਤਰ ਹੋਏ ਲੋਕਾਂ ਅਤੇ ਪ੍ਰਤੱਖਦਰਸ਼ੀਆਂ ਅਨੁਸਾਰ ਸਕਾਰਪੀਓ ਗੱਡੀ ’ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਤੇ ਉਨਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਇਸ ਕਾਰਨ ਉੱਥੇ ਇਕੱਤਰ ਹੋਏ ਲੋਕਾਂ ਅਤੇ ਸਕਾਰਪੀਓ ਸਵਾਰਾਂ ਵਿਚ ਤਿੱਖੀ ਬਹਿਸਬਾਜ਼ੀ ਹੋਈ। ਮਾਮਲਾ ਗੰਭੀਰ ਹੁੰਦਾ ਦੇਖ ਕੇ ਐੱਸਐੱਸਐੱਫ ਟੀਮ ਵੱਲੋਂ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪੁੱਜੀ ਮਕਸੂਦਾਂ ਪੁਲਿਸ ਟੀਮ ਦੇ ਏਐੱਸਆਈ ਉਮੇਸ਼ ਕੁਮਾਰ ਨੇ ਸਕਾਰਪੀਓ ਕਾਰ ਵਿੱਚ ਮੌਜੂਦ ਕਾਰ ਮਾਲਕ ਦੇ ਪੀਐੱਸਓ ਨੂੰ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਕੇ ਹਾਦਸੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
---
ਪਰਿਵਾਰਕ ਮੈਂਬਰਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਲਾਇਆ ਦੋਸ਼
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਪਰਿਵਾਰਿਕ ਮੈਂਬਰਾਂ ਸਮੇਤ ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਸਕਾਰਪੀਓ ਗੱਡੀ ਦੇ ਚਾਲਕ ਤੇ ਸਵਾਰ ਵਿਅਕਤੀਆਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਨ੍ਹਾਂ ਤੋਂ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਇਸ ਕਾਰਨ ਪਰਿਵਾਰਕ ਮੈਂਬਰਾਂ ਸਮੇਤ ਮੌਕੇ ’ਤੇ ਇਕੱਤਰ ਲੋਕਾਂ ਤੇ ਸਕਾਰਪੀਓ ਸਵਾਰਾਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ, ਜਿਸ ਕਾਰਨ ਮੌਕੇ ’ਤੇ ਸਕਾਰਪੀਓ ਸਵਾਰਾਂ ਖਿਲਾਫ ਇਕੱਤਰ ਹੋਏ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਦੂਜੇ ਪਾਸੇ ਸਕਾਰਪੀਓ ਵਿੱਚ ਸਵਾਰ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਪਠਾਨਕੋਟ ਵਾਲੀ ਸਾਈਡ ਤੋਂ ਜਲੰਧਰ ਨੂੰ ਜਾ ਰਹੇ ਸਨ ਕਿ ਅਚਾਨਕ ਈ ਰਿਕਸ਼ਾ ਸਾਹਮਣੇ ਆ ਗਿਆ ਡਰਾਈਵਰ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ਨੂੰ ਹਾਦਸਾ ਵਾਪਰ ਗਿਆ। ਮੌਕੇ ’ਤੇ ਮੌਜੂਦ ਇਕੱਤਰ ਹੋਏ ਲੋਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਸਕਾਰਪੀਓ ਵਿੱਚ ਸਵਾਰ ਮੁਲਾਜ਼ਮਾ ਦੀ ਸ਼ਰਾਬ ਸਬੰਧੀ ਮੈਡੀਕਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਕਾਫੀ ਸਮੇਂ ਤੱਕ ਨੈਸ਼ਨਲ ਹਾਈਵੇ ਤੇ ਮਾਹੌਲ ਤਣਾਅ ਪੂਰਨ ਬਣਿਆ ਰਿਹਾ। ਐੱਸਐੱਸਐੱਫ ਟੀਮ ਵੱਲੋਂ ਸੂਚਿਤ ਕੀਤੇ ਜਾਣ ਉਪਰੰਤ ਥਾਣਾ ਮਕਸੂਦਾਂ ਦੀ ਪੁਲਿਸ ਦੇ ਏਐੱਸਆਈ ਉਮੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਅਤੇ ਸਬੰਧਤ ਸਕਾਰਪੀਓ ਸਵਾਰਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ।