ਅਣਪਛਾਤੇ ਵਾਹਨ ਦੀ ਟੱਕਰ ਨਾਲ ਸਕੂਟਰੀ ਸਵਾਰ ਦੀ ਮੌਤ
ਅਣਪਛਾਤੇ ਵਾਹਨ ਦੀ ਟੱਕਰ ਨਾਲ ਸਕੂਟਰੀ ਸਵਾਰ ਦੀ ਮੌਤ
Publish Date: Tue, 10 Feb 2026 07:30 PM (IST)
Updated Date: Tue, 10 Feb 2026 07:32 PM (IST)
-ਸੜਕ ’ਤੇ ਤੜਫਦੇ ਪਿਤਾ ਕੋਲ ਵਿਲਕਦੀ ਰਹੀ ਬੱਚੀ, ਤਮਾਸ਼ਬੀਨ ਬਣੇ ਰਹੇ ਲੋਕ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਜਲੰਧਰ-ਮੋਗਾ ਨੈਸ਼ਨਲ ਹਾਈਵੇਅ ‘ਤੇ ਮਲਸੀਆਂ ਨਜ਼ਦੀਕ ਮੰਗਲਵਾਰ ਬਾਅਦ ਦੁਪਹਿਰ ਇਕ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦੇ ਨਾਲ ਸਵਾਰ ਉਸਦੀ 8-9 ਸਾਲ ਦੀ ਮਾਸੂਮ ਬੱਚੀ ਵਾਲ-ਵਾਲ ਬਚ ਗਈ। ਮ੍ਰਿਤਕ ਦੀ ਪਛਾਣ ਜਗਜੀਵਨ ਸਿੰਘ (42) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੈਦੂਪੁਰ (ਨਕੋਦਰ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਆਪਣੀ ਧੀ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਦੁਪਹਿਰ ਕਰੀਬ 3:30 ਵਜੇ ਨਕੋਦਰ ਤੋਂ ਮਲਸੀਆਂ ਵੱਲ ਜਾ ਰਿਹਾ ਸੀ। ਜਦੋਂ ਉਹ ਖਹਿਰਾ ਫਾਰਮ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਸਕੂਟਰੀ ਦੀ ਟੱਕਰ ਹੋ ਗਈ। ਇਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਪਿਆ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜ਼ਖਮੀ ਜਗਜੀਵਨ ਸਿੰਘ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ। ਹਾਲਾਂਕਿ, ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਉਪਰੰਤ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਮਲਸੀਆਂ ਚੌਕੀ ਦੇ ਇੰਚਾਰਜ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫਿਲਹਾਲ ਅਣਪਛਾਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਮਦਦ ਦੀ ਬਜਾਏ ਕੋਲੋਂ ਲੰਘਦੇ ਰਹੇ ਲੋਕ
ਹਾਦਸੇ ਤੋਂ ਬਾਅਦ ਇਕ ਬਹੁਤ ਹੀ ਅਫਸੋਸਨਾਕ ਮੰਜਰ ਦੇਖਣ ਨੂੰ ਮਿਲਿਆ। ਜਗਜੀਵਨ ਸਿੰਘ ਖੂਨ ਨਾਲ ਲੱਥ ਪੱਥ ਸੜਕ 'ਤੇ ਤੜਫ ਰਿਹਾ ਸੀ ਅਤੇ ਉਸਦੀ ਛੋਟੀ ਬੱਚੀ ਆਪਣੇ ਪਿਤਾ ਦੀ ਹਾਲਤ ਦੇਖ ਕੇ ਕੋਲ ਖੜ੍ਹੀ ਰੋ ਰਹੀ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਹਾਈਵੇਅ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੇ ਰੁਕ ਕੇ ਮਦਦ ਕਰਨ ਦੀ ਬਜਾਏ ਉੱਥੋਂ ਲੰਘਣਾ ਹੀ ਮੁਨਾਸਿਬ ਸਮਝਿਆ। ਕਿਸੇ ਨੇ ਵੀ ਐਂਬੂਲੈਂਸ ਬੁਲਾਉਣ ਜਾਂ ਬੱਚੀ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਬੱਸ ਵਿਚ ਸਫਰ ਕਰ ਰਹੇ ਇਕ ਸਥਾਨਕ ਪੱਤਰਕਾਰ ਦੀ ਨਜ਼ਰ ਜਦੋਂ ਇਸ ਹਾਦਸੇ ‘ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।