ਦਯਾਨੰਦ ਆਯੁਰਵੈਦਿਕ ਕਾਲਜ ’ਚ ਸਕਾਲਰਸ਼ਿਪ ਵੰਡ ਸਮਾਗਮ
ਦਯਾਨੰਦ ਆਯੁਰਵੈਦਿਕ ਕਾਲਜ ’ਚ ਸਕਾਲਰਸ਼ਿਪ ਵੰਡ ਸਮਾਰੋਹ ਕਰਵਾਇਆ
Publish Date: Tue, 10 Mar 2026 10:31 PM (IST)
Updated Date: Tue, 10 Mar 2026 10:33 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਸੋਮਵਾਰ ਨੂੰ ਦਯਾਨੰਦ ਆਯੁਰਵੈਦਿਕ ਕਾਲਜ ’ਚ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੌਮਿਆ ਫਾਊਂਡੇਸ਼ਨ ਦੇ ਸੰਸਥਾਪਕ ਡਾ. ਐੱਮਐੱਲ ਗੁਪਤਾ ਮੁੱਖ ਮਹਿਮਾਨ ਸਨ। ਸੌਮਿਆ ਫਾਊਂਡੇਸ਼ਨ ਦੇ ਉਪ ਪ੍ਰਧਾਨ ਉਰਮਿਲ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਨੇ ਪ੍ਰੇਰਨਾਦਾਇਕ ਭਾਸ਼ਣ ’ਚ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਤੇ ਸਿੱਖਿਆ ’ਚ ਉੱਤਮਤਾ ਨੂੰ ਉਤਸ਼ਾਹਤ ਕਰਨ ਲਈ ਪ੍ਰੇਰਿਤ ਕਰਦੀ ਹੈ। ਮੁੱਖ ਮਹਿਮਾਨ ਡਾ. ਐੱਮਐੱਲ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਰਮਿਲ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਪ੍ਰਵੀਨ ਕੁਮਾਰ, ਡਾ. ਅੰਮ੍ਰਿਤਾ ਤੇ ਡਾ. ਰੀਤਾ ਉਪਾਧਿਆਏ ਸਮੇਤ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਨੇ ਕੀਤੀ ਤੇ ਸਮੁੱਚਾ ਤਾਲਮੇਲ ਡਾ. ਵਿਭੂ ਖੰਨਾ, ਐਸੋਸੀਏਟ ਪ੍ਰੋਫੈਸਰ ਤੇ ਕ੍ਰਿਆ ਸ਼ਰੀਰਾ ਵਿਭਾਗ ਦੇ ਮੁਖੀ ਵੱਲੋਂ ਪ੍ਰਦਾਨ ਕੀਤਾ ਗਿਆ।