ਸਤਿਗੁਰੂ ਰਵਿਦਾਸ ਜੀ ਬਾਰੇ ਕਰਾਏ ਸੈਮੀਨਾਰ ’ਚ ਪੁੱਜੇ ਦੇਸ਼-ਵਿਦੇਸ਼ ’ਚੋਂ ਵਿਦਵਾਨ
ਸਤਿਗੁਰੂ ਰਵਿਦਾਸ ਜੀ ਬਾਰੇ ਕਰਾਏ ਸੈਮੀਨਾਰ ’ਚ ਪੁੱਜੇ ਦੇਸ਼ ਵਿਦੇਸ਼ ’ਚੋਂ ਵਿਦਵਾਨ
Publish Date: Sun, 05 Apr 2026 07:58 PM (IST)
Updated Date: Mon, 06 Apr 2026 04:11 AM (IST)

- ਗੁਰੂ ਰਵਿਦਾਸ ਜੀ ਨੇ ਦੇਸ਼ ਭਰ ਤੋਂ ਇਲਾਵਾ ਪੰਜਾਬ ’ਚ ਕਈ ਯਾਤਰਾਵਾਂ ਕੀਤੀਆਂ : ਰੂਪ ਲਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਕਰਾਏ ਗਏ ਸੈਮੀਨਾਰ ’ਚ ਪੰਜਾਬ ਭਰ ’ਚੋਂ ਖੋਜ ਪਰਚੇ ਪੜ੍ਹਨ ਲਈ ਪੁੱਜੇ ਵਿਦਵਾਨਾਂ ਡਾ. ਸੀਤਲ ਸਿੰਘ, ਰੂਪ ਲਾਲ ਰੂਪ, ਪ੍ਰੋ. ਲਾਲ ਬਹਾਦਰ ਭਾਟੀਆ ਨੇ ਆਪਣੇ ਅਕਾਦਮਿਕ ਪਰਚਿਆਂ ਰਾਹੀਂ ਜਿੱਥੇ ਸੈਮੀਨਾਰ ਦੀ ਅਕਾਦਮਿਕਤਾ ਨੂੰ ਸਿਖਰ ਤੇ ਪਹੁੰਚਾ ਦਿੱਤਾ ਉੱਥੇ ਹੀ ਉਨ੍ਹਾਂ ਸਤਿਗੁਰੂ ਜੀ ਦੇ ਅਧਿਆਤਮਿਕਤਾ ਰਾਹੀਂ ਵੀ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਵੇਲੇ ਕੁੰਜੀਵਤ ਭਾਸ਼ਣ ’ਚ ਪਟਿਆਲਾ ਤੋਂ ਪੁੱਜੇ ਡਾ. ਗੁਰਮੀਤ ਕੱਲਰਮਾਜਰੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਇਲਾਵਾ ਜੋ ਬਾਣੀ ਬਾਹਰ ਖ਼ੋਜੀ ਜਾ ਰਹੀ ਹੈ ਉਸ ਤੇ ਗੱਲ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਨੇ ਕੀਤੀ, ਜਦ ਕਿ ਮੁੱਖ ਮਹਿਮਾਨ ਵਜੋਂ ਉੱਘੇ ਗੀਤਕਾਰ ਤੇ ਚਿੰਤਕ ਮਦਨ ਜਲੰਧਰੀ ਦਾ ਸਨਮਾਨ ਹੋਇਆ। ਵਿਸ਼ੇਸ਼ ਮਹਿਮਾਨ ਹਰਬਿਲਾਸ ਬੱਸੀ ਕੈਨੇਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਉਦਘਾਟਨੀ ਭਾਸ਼ਣ ਦਿੱਤਾ। ਮੰਚ ਦੇ ਮੁੱਖ ਕੋ-ਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਮੰਚ ਸੰਚਾਲਨ ਕਰਦਿਆਂ ਸੰਸਥਾ ਦੇ ਮਨੋਰਥ ਬਾਰੇ ਚਾਨਣਾ ਪਾਇਆ। ਸਤਿਗੁਰੂ ਰਵਿਦਾਸ ਜੀ ਦੀਆਂ ਯਾਤਰਾਵਾਂ ਤੇ ਪੇਪਰ ਪੜ੍ਹਦਿਆਂ ਵਿਦਵਾਨ ਰੂਪ ਲਾਲ ਰੂਪ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਜਿੱਥੇ ਪੂਰੇ ਭਾਰਤ ਵਿਚ ਆਪਣੀਆਂ ਯਾਤਰਾਵਾਂ ਰਾਹੀਂ ਵੱਖ-ਵੱਖ ਥਾਵਾਂ ’ਤੇ ਪੁੱਜੇ ਉੱਥੇ ਹੀ ਉਹ ਪੰਜਾਬ ’ਚ ਮੀਰ ਹੋਤਾ (ਸਰਹਿੰਦ ਕੋਲ), ਹਾਦੀਆਬਾਦ (ਫਗਵਾੜਾ), ਜਲੰਧਰ, ਜੰਡਿਆਲਾ ਗੁਰੂ, ਬੰਡਾਲਾ, ਅਟਾਰੀ ਬਾਰਡਰ ਕੋਲ ਪਿੰਡ ਡੰਡਾ, ਫੇਰ ਚੁਹੜਕਾਣਾ (ਅੱਜ ਕੱਲ੍ਹ ਪਾਕਿਸਤਾਨ) ਵਿਖੇ ਗੁਰੂ ਨਾਨਕ ਦੇਵ ਜੀ ਨਾਲ ਵੀ ਮਿਲਣੀ ਹੋਈ। ਉਸ ਤੋਂ ਬਾਅਦ ਦੂਜੀ ਯਾਤਰਾ ਵਿਚ ਸਤਿਗੁਰੂ ਜੀ ਲੁਧਿਆਣਾ, ਫਿਲੌਰ, ਨਕੋਦਰ ਤੋਂ ਪਿੰਡ ਡੱਲਾ ਰਾਹੀ ਸਰਵਮਾਨਪੁਰ (ਸੁਲਤਾਨਪੁਰ ਲੋਧੀ) ਪੁੱਜੇ, ਫੇਰ ਉਹ ਬਟਾਲਾ, ਜੰਮੂ, ਚੰਬਾ, ਪਠਾਨਕੋਟ ਹੁੰਦੇ ਹੋਏ ਪਿੰਡ ਜਨੌੜੀ ਠਹਿਰਾਅ ਕੀਤਾ ਤੇ ਫੇਰ ਖੁਰਾਲਗੜ੍ਹ ਵਿਚ ਕਈ ਦਿਨ ਰਹੇ। ਇਸੇ ਤਰ੍ਹਾਂ ਆਪਣਾ ਪੇਪਰ ਪੜ੍ਹਦਿਆਂ ਪ੍ਰੋ. ਲਾਲ ਬਹਾਦਰ ਭਾਟੀਆ ਨੇ ਕਿਹਾ ਕਿ ਜਦੋਂ ਇਨਸਾਨ ਦਾ ਇਨਸਾਨ ਹੀ ਸਿਰਫ਼ ਜਾਤੀ ਪ੍ਰਥਾ ਨੂੰ ਥਾਂ ਦਿੰਦੇ ਹੋਏ ਤ੍ਰਿਸਕਾਰ ਕਰ ਰਿਹਾ ਸੀ, ਉਸ ਵੇਲੇ ਇਕ ਕ੍ਰਾਂਤੀਕਾਰੀ ਅਵਾਜ਼ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਅਜਿਹੀ ਬੁਲੰਦ ਕੀਤੀ ਕਿ ਸਮਕਾਲੀਨ ਦੇ ਰਾਜੇ ਰਾਣੀਆਂ ਨੇ ਵੀ ਉਨ੍ਹਾਂ ਤੋਂ ਗੁਰੂ ਵਿੱਦਿਆ ਹਾਸਲ ਕੀਤੀ। ਜੋ ਆਪਣੇ ਸਮੇਂ ਵਿਚ ਹਾਕਮਾਂ ਦੇ ‘ਗੁਰੂ’ ਬਣ ਕੇ ਰੂਹਾਨੀਅਤ ਨਾਲ ਜੋੜਦੇ ਰਹੇ ਤਾਂ ਅਜੋਕੇ ਸਮੇਂ ਵਿਚ ਉਨ੍ਹਾਂ ਨੂੰ ਗੁਰੂ ਕਹਿਣ ਤੋਂ ਰੋਕਣ ਵਾਲੇ ਵੀ ਜਾਤ ਅਭਿਮਾਨੀਆਂ ਦੀ ਲਿਸਟ ਵਿਚ ਸ਼ਾਮਲ ਹੋ ਜਾਂਦੇ ਹਨ। ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਜਦੋਂ ਬਿਪਰਵਾਦ ਦਾ ਏਨਾ ਦੱਬ-ਦਬਾ ਸੀ ਉਸ ਵੇਲੇ ਸਤਿਗੁਰੂ ਰਵਿਦਾਸ ਨੇ ਅਜਿਹੀ ਕ੍ਰਾਂਤੀਕਾਰੀ ਅਵਾਜ਼ ਦਿੱਤੀ ਕਿ ਮੰਨੂ ਵੱਲੋਂ ਬਣਾਏ ਚਾਰੇ ਵਰਨਾਂ ਦੀ ਕੁ-ਪ੍ਰਥਾ ਨੂੰ ਇਕ ਵਾਰ ਮਲੀਆਮੇਟ ਕਰ ਦਿੱਤਾ। ਇਨਸਾਨ ਨੂੰ ਇਨਸਾਨ ਨਾਲ ਜੋੜਨ ਲਈ ਬੇਗਮਪੁਰੇ ਦਾ ਸੰਕਲਪ ਦਿੱਤਾ, ਜਿਸ ਨੂੰ ਬੁਲੰਦ ਸ਼੍ਰੋਮਣੀ ਸੰਤ ਕਬੀਰ ਤੇ ਸਮਕਾਲੀ ਮਹਾਪੁਰਖਾਂ ਨੇ ਕੀਤਾ ਤੇ ਉਸ ਨੂੰ ਇਕ ਲਹਿਰ ਗੁਰੂ ਨਾਨਕ ਜੀ ਨੇ ਬਣਾ ਦਿੱਤਾ, ਜਿਸ ਨੂੰ ਸਿਖਰ ਤੇ ਗੁਰੂ ਗੋਬਿੰਦ ਸਿੰਘ ਨੇ ਪਹੁੰਚਾ ਦਿੱਤਾ। ਇਸ ਵੇਲੇ ਕੁੰਜੀਵਤ ਭਾਸ਼ਣ ਵਿਚ ਡਾ. ਗੁਰਮੀਤ ਕਲੱਰਮਾਜਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਤਿਗੁਰੂ ਰਵਿਦਾਸ ਦੀ ਬਾਣੀ ਵਿਚਲੇ ਮਾਨਵਤਾ ਪੱਖੀ ਸੰਦੇਸ਼ ਨੂੰ ਉਜਾਗਰ ਕਰਦਿਆਂ ਸਤਿਗੁਰੂ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈ ਬਾਣੀ ਦੀ ਗੱਲ ਵੀ ਕੀਤੀ। ਮੁੱਖ ਮਹਿਮਾਨ ਮਦਨ ਜਲੰਧਰੀ ਨੇ ਕਿਹਾ ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਅਕਾਦਮਿਕ ਤੌਰ ਤੇ ਕਰਾਏ ਜਾ ਰਹੇ ਸੈਮੀਨਾਰਾਂ ਵਿਚ ਪੜੇ ਜਾ ਰਹੇ ਖੋਜ ਭਰਪੂਰ ਪੇਪਰਾਂ ਵਿਚ ਸਾਡੇ ਵਿਦਵਾਨ ਅਵਾਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। ਵਿਸ਼ੇਸ਼ ਮਹਿਮਾਨ ਹਰਬਿਲਾਸ ਬੱਸੀ ਕੈਨੇਡਾ ਨੇ ਕਿਹਾ ਅਸੀਂ ਸਤਿਗੁਰੂ ਰਵਿਦਾਸ ਜੀ ਨਾਲ ਸਬੰਧਿਤ ਸੈਮੀਨਾਰਾਂ ਨੂੰ ਕੌਮਾਂਤਰੀ ਪੱਧਰ ਤੇ ਕਰਵਾਉਣ ਜਾ ਰਹੇ ਹਾਂ। ਪ੍ਰਧਾਨਗੀ ਕਰ ਰਹੇ ਮੋਹਨ ਲਾਲ ਫਿਲੌਰੀਆ ਨੇ ਕਿਹਾ ਸਾਡਾ ਮਕਸਦ ਹੈ ਕਿ ਗੁਰੂ ਮਹਾਰਾਜ ਬਾਰੇ ਜੀ ਵੀ ਭਰਮ ਭੁਲੇਖੇ ਫੈਲਾਏ ਜਾ ਰਹੇ ਹਨ ਉਹ ਅਸੀਂ ਸਾਡੇ ਵਿਦਵਾਨਾਂ ਰਾਹੀਂ ਕੀਤੀਆਂ ਖੋਜਾਂ ਨਾਲ ਸਹੀ ਕਰ ਸਕੀਏ। ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਅਗਲਾ ਸੈਮੀਨਾਰ ਨਾਭਾ ਵਿਖੇ 24 ਮਈ ਨੂੰ ਕਰਾਉਣ ਬਾਰੇ ਐਲਾਨ ਕੀਤਾ। ਇਸ ਵੇਲੇ ਡਾ. ਗੁਰਮੀਤ ਕੱਲਰਮਾਜਰੀ ਦੀ ‘ਬਾਬੂ ਮੰਗੁ ਰਾਮ ਮੁੱਗੋਵਾਲੀਆ’ ਮੌਲਿਕ ਲਿਖਤ ਵੀ ਰਿਲੀਜ਼ ਕੀਤੀ ਗਈ। ਇਸ ਸਮੇਂ ਡੇਰਾ ਬੱਲਾਂ ਤੋਂ ਬਲਬੀਰ ਮੰਨਣ ਹੋਰੀਂ ਵਿਸ਼ੇਸ਼ ਪੁੱਜੇ। ਇਸ ਵੇਲੇ ਹਰਦੀਪ ਸਿੰਘ ਮੁਕਤਸਰ, ਸੀਆਰ ਕਲਸੀ, ਮਦਨ ਸਿੰਘ, ਨਿਰਵੈਰ ਸਿੰਘ ਕਪੂਰਥਲਾ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਨਿਰਭੈ ਸਿੰਘ ਫਤਿਹਗੜ੍ਹ, ਪਰਮਿੰਦਰ ਰਾਏਪੁਰ ਪਟਿਆਲਾ ਤੋਂ ਨੇ ਵੀ ਹਾਜ਼ਰੀ ਲਗਾਈ।