ਐੱਸਸੀ ਕਮਿਸ਼ਨ ਪੰਜਾਬ ਵੱਲੋਂ ਡੀਡੀਪੀਓ ਜਲੰਧਰ 14 ਨੂੰ ਚੰਡੀਗੜ੍ਹ ਤਲਬ
ਐੱਸਸੀ ਕਮਿਸ਼ਨ ਪੰਜਾਬ ਵੱਲੋਂ ਡੀਡੀਪੀਓ ਜਲੰਧਰ 14 ਨੂੰ ਚੰਡੀਗੜ੍ਹ ਤਲਬ
Publish Date: Fri, 09 Jan 2026 07:41 PM (IST)
Updated Date: Sat, 10 Jan 2026 04:07 AM (IST)

- ਮਾਮਲਾ ਫਿਲੌਰ ਦੇ ਪਿੰਡ ਨਗਰ ’ਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੱਗੇ ਧਰਨੇ ਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਲਏ ਗਏ ਸੂਮੋਟੋ ਤਹਿਤ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਡੀਡੀਪੀਓ ਜਲੰਧਰ ਨੂੰ ਤਲਬ ਕਰ ਲਿਆ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਜਾਰੀ ਕੀਤੇ ਨੋਟਿਸ ’ਚ ਕਿਹਾ ਹੈ ਕਿ ਤਹਿਸੀਲ ਫਿਲੌਰ ਦੇ ਪਿੰਡ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਰਵਿਦਾਸੀਆ ਭਾਈਚਾਰੇ ਦਾ ਵੱਡਾ ਧਾਰਮਿਕ ਡੇਰਾ ਹੈ। ਆਗਾਮੀ ਦਿਨਾਂ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਿਹਾੜੇ ਮੌਕੇ ਵੱਡੀਆਂ ਸ਼ੋਭਾ ਯਾਤਰਾਵਾਂ ਨਿਕਲਣੀਆਂ ਹਨ ਪਰ ਪੰਚਾਇਤ ਵਿਭਾਗ ਦੀ ਅਣਗਹਿਲੀ ਦੇ ਨਾਲ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਛੱਪੜ ’ਚ ਨਾ ਹੋ ਕੇ ਸੜਕ ’ਤੇ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਇਸੇ ਗੰਦੇ ਪਾਣੀ ’ਚ ਡੁੱਬ ਕੇ ਇਕ ਔਰਤ ਦੀ ਮੌਤ ਤੱਕ ਹੋ ਗਈ ਸੀ। ਇਸ ਗੰਦੇ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਲਈ ਨਗਰ ਵਾਸੀਆਂ ਵੱਲੋਂ ਨਗਰ ਪਿੰਡ ਦੀ ਸੜਕ ’ਤੇ ਹੀ ਧਰਨਾ ਲਾਇਆ ਗਿਆ ਹੈ। ਇਸ ’ਚ ਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਵੀ ਸੁਸ਼ੋਭਿਤ ਹਨ। ਇਸ ਸਬੰਧੀ ਇਕ ਅਖ਼ਬਾਰ ’ਚ ਲੱਗੀ ਖ਼ਬਰ ਦਾ ਸੂਹ ਮੋਟੋ ਲੈਂਦੇ ਹੋਏ ਇਹ ਸਾਰੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਤੇ ਡੀਡੀਪੀਓ ਜਲੰਧਰ 14 ਜਨਵਰੀ ਨੂੰ ਕਮਿਸ਼ਨ ਦਫਤਰ ਚੰਡੀਗੜ੍ਹ ਵਿਖ਼ੇ ਤਲਬ ਕਰ ਲਿਆ ਗਿਆ ਹੈ।