ਹਾਫ ਮੈਰਾਥਨ ਦੌਰਾਨ ‘ਸਿਹਤ ਲਈ ਦੌੜੋ, ਦੇਸ਼ ਲਈ ਦੌੜੋ’ ਦਾ ਸੁਨੇਹਾ ਦਿੱਤਾ
ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ ਚੌਥੀ ਹਾਫ਼ ਮੈਰਾਥਨ ਸਫਲਤਾਪੂਰਵਕ ਸੰਪੰਨ
Publish Date: Mon, 02 Mar 2026 06:43 PM (IST)
Updated Date: Mon, 02 Mar 2026 06:43 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ ਚੌਥੀ ਹਾਫ਼ ਮੈਰਾਥਨ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਹਿੱਸਾ ਲਿਆ ਤੇ “ਸਿਹਤ ਲਈ ਦੌੜੋ ਦੇਸ਼ ਲਈ ਦੌੜੋ” ਦੇ ਸੰਦੇਸ਼ ਨੂੰ ਅਪਣਾਇਆ। ਇਹ ਹਾਫ਼ ਮੈਰਾਥਨ ਜਲੰਧਰ ਰੋਡ ਸਥਿਤ ਤਾਜ ਸਿਟੀ ਦੇ ਗੇਟ ਤੋਂ ਸਵੇਰੇ 7 ਵਜੇ ਸ਼ੁਰੂ ਹੋਈ, ਜਿਸਦੀ ਸ਼ੁਰੂਆਤ ਡੀਐੱਸਪੀ ਨਕੋਦਰ ਉਂਕਾਰ ਸਿੰਘ ਬਰਾੜ ਤੇ ਪ੍ਰਸਿੱਧ ਅਥਲੈਟਿਕਸ ਖਿਡਾਰੀ ਅਰਜੁਨ ਅਵਾਰਡੀ ਸੁੱਚਾ ਸਿੰਘ ਵੱਲੋਂ ਸਾਂਝੇ ਤੌਰ ’ਤੇ ਹਰੀ ਝੰਡਾ ਦੇ ਕੇ ਕੀਤੀ ਗਈ। ਦੌੜ ਲਗਭਗ 11 ਕਿੱਲੋਮੀਟਰ ਦਾ ਚੱਕਰ ਲਗਾ ਕੇ ਸੱਤਿਅਮ ਗਰੁੱਪ ਦੇ ਕੈਂਪਸ ’ਚ ਜਾ ਕੇ ਸਮਾਪਤ ਹੋਈ। ਇਸ ਦੌਰਾਨ ਭਾਗੀਦਾਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਮੁੱਖ ਮਹਿਮਾਨ ਵਜੋਂ ਸੁੱਚਾ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ ਗਏ। ਮੈਰਾਥਨ ਦੇ ਨਤੀਜੇ ਇਸ ਤਰ੍ਹਾਂ ਰਹੇ ਪਹਿਲਾ ਸਥਾਨ ਹਰਿਆਣਾ ਦੇ ਸੰਦੀਪ ਨੇ ਹਾਸਲ ਕਰਕੇ ਰੁਪਏ 11000/- ਦਾ ਨਕਦ ਇਨਾਮ ਜਿੱਤਿਆ। ਦੂਸਰਾ ਸਥਾਨ ਜਲਾਲਾਬਾਦ ਦੇ ਸੁਖਵਿੰਦਰ ਸਿੰਘ ਨੇ ਹਾਸਲ ਕਰਕੇ ਰੁਪਏ 5100/- ਪ੍ਰਾਪਤ ਕੀਤੇ, ਜਦਕਿ ਤੀਸਰਾ ਸਥਾਨ ਫਿਰੋਜ਼ਪੁਰ ਦੇ ਕਰਨਜੀਤ ਨੇ ਹਾਸਲ ਕਰਕੇ ਰੁਪਏ 3100/- ਜਿੱਤੇ। ਚੌਥਾ, ਪੰਜਵਾਂ ਤੇ ਛੇਵਾਂ ਸਥਾਨ ਕਰਮਵਾਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਗਗਨਦੀਪ, ਸੀਟੀ ਕਾਲਜ ਦੇ ਸੰਦੀਪ ਕੁਮਾਰ ਤੇ ਨਕੋਦਰ ਦੇ ਸਿਮਰਨਜੀਤ ਸਿੰਘ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਰੁਪਏ 2100/- ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੱਤਵਾਂ, ਅੱਠਵਾਂ, ਨੌਵਾਂ ਤੇ ਦਸਵਾਂ ਸਥਾਨ ਸੱਤਿਅਮ ਕਾਲਜ ਦੇ ਸ਼ੁਭਮ, ਸੀਟੀ ਕਾਲਜ ਦੇ ਗਣੇਸ਼ ਕੁਮਾਰ, ਸੰਗੋਵਾਲ ਦੇ ਪਵਨ ਚੌਹਾਨ ਤੇ ਸੱਤਿਅਮ ਕਾਲਜ ਦੇ ਤਰੁਣ ਹਾਂਸ ਨੇ ਹਾਸਲ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਟਰੈਕ ਸੂਟਾਂ ਨਾਲ ਸਨਮਾਨਿਤ ਕੀਤਾ ਗਿਆ। ਮੈਰਾਥਨ ’ਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਟੀ-ਸ਼ਰਟਾਂ ਤੇ ਸਰਟੀਫਿਕੇਟ ਵੀ ਦਿੱਤੇ ਗਏ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਨੇ ਸਾਰੇ ਭਾਈਵਾਲਾਂ ਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਦੇ ਹਨ। ਇਸ ਮੌਕੇ ਪ੍ਰਿੰਸੀਪਲ ਰਾਸ਼ਿਦ ਹਾਮਿਦ, ਪੋਲਿਟੈਕਨਿਕ ਪ੍ਰਿੰਸੀਪਲ ਪਾਰਸ ਚੱਢਾ, ਇੰਡੋ ਸਵਿਸ ਸਕੂਲ ਦੇ ਪ੍ਰਿੰਸੀਪਲ ਪੰਕਜ ਸ਼ਰਮਾ ਤੇ ਐਡਮਿਨ ਮੈਨੇਜਰ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।