ਬੀਡੀਪੀਓ ਨੂੰ ਮਿਲੇ ਸਰਪੰਚਾਂ ਦੇ ਵਫ਼ਦ
ਸਰਪੰਚਾਂ ਦੇ ਵਫ਼ਦ ਦੀ ਬੀਡੀਪੀਓ ਲਖਵਿੰਦਰ ਸਿੰਘ ਕਲੇਰ ਨਾਲ ਮੁਲਾਕਾਤ
Publish Date: Thu, 08 Jan 2026 07:37 PM (IST)
Updated Date: Thu, 08 Jan 2026 07:39 PM (IST)

ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦਾ ਵਫ਼ਦ ਸਰਪੰਚ ਬਲਵਿੰਦਰ ਸਿੰਘ ਬਘਾਣਾ ਤੇ ਸਰਪੰਚ ਮਨਜੀਤ ਮਾਨ ਗੰਡਵਾ ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਕਲੇਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਇਸ ਮੌਕੇ ਸਰਪੰਚਾਂ ਵੱਲੋਂ ਬੀਡੀਪੀਓ ਦਫ਼ਤਰ ਦੇ ਸਮੂਹ ਸਟਾਫ ਨੂੰ ਨਵੇਂ ਸਾਲ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਮੁਲਾਕਾਤ ਦੌਰਾਨ ਸਰਪੰਚਾਂ ਨੇ ਨਵੇਂ ਸਾਲ ’ਚ ਪਿੰਡਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਸਰਪੰਚਾਂ ਨੇ ਆਪੋ-ਆਪਣੇ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਬੀਡੀਪੀਓ ਦੇ ਧਿਆਨ ’ਚ ਲਿਆਉਂਦਿਆਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਕੀਤੀ। ਬੀਡੀਪੀਓ ਲਖਵਿੰਦਰ ਸਿੰਘ ਕਲੇਰ ਨੇ ਸਰਪੰਚਾਂ ਨੂੰ ਭਰੋਸਾ ਦਿਵਾਇਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ, ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਅਧੀਨ ਮਿਲਣ ਵਾਲੀਆਂ ਗ੍ਰਾਂਟਾਂ ਦੀ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ’ਚ ਨੌਜਵਾਨਾਂ ਤੇ ਬੱਚਿਆਂ ਲਈ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਟੇਡੀਅਮ ਤੇ ਪਾਰਕਾਂ ਦਾ ਨਿਰਮਾਣ ਵੀ ਪ੍ਰਾਥਮਿਕਤਾ ਅਧਾਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਕੁਲਦੀਪ ਕੁਮਾਰ (ਜਗਤਪੁਰ ਜੱਟਾ), ਸਰਪੰਚ ਪਵਿੱਤਰ ਸਿੰਘ (ਬਰਨਾ), ਸਰਪੰਚ ਮੱਖਣ ਸਿੰਘ (ਕਾਂਸ਼ੀ ਨਗਰ), ਪੰਚਾਇਤ ਸਕੱਤਰ ਮਲਕੀਤ ਚੰਦ, ਸਤੀਸ਼ ਕੁਮਾਰ, ਪ੍ਰਭਜੀਤ ਸਿੰਘ, ਰਣਜੀਤ ਸਿੰਘ, ਏਪੀਓ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਵਰੁਣ ਬੰਗੜ ਸਮੇਤ ਹੋਰ ਕਈ ਸਨਮਾਨਿਤ ਵਿਅਕਤੀ ਹਾਜ਼ਰ ਸਨ।