ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਕਤਲ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਸਰਪੰਚ ਕਤਲ ਕਾਂਡ: ਮੁੱਖ ਮੁਲਜ਼ਮ ਪਤਨੀ ਸਮੇਤ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ
Publish Date: Mon, 23 Mar 2026 07:25 PM (IST)
Updated Date: Mon, 23 Mar 2026 07:28 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਥਾਣਾ ਮਹਿਤਪੁਰ ਦੀ ਪੁਲਿਸ ਨੇ ਪਿੰਡ ਬੂਟੇ ਦੀਆਂ ਛੰਨਾ ਦੇ ਚਰਚਿਤ ਸਰਪੰਚ ਕਤਲ ਕੇਸ ਦੇ ਮੁੱਖ ਮੁਲਜ਼ਮ ਨੂੰ ਉਸਦੀ ਪਤਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਡੀਐੱਸਪੀ ਦਫਤਰ ਸ਼ਾਹਕੋਟ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਪੀ (ਤਫ਼ਤੀਸ਼) ਵਨੀਤ ਅਹਿਲਾਵਤ, ਡੀਐੱਸਪੀ ਸੁਖਪਾਲ ਸਿੰਘ ਤੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਬੂਟੇ ਦੀਆਂ ਛੰਨਾ ਦੇ ਸਰਪੰਚ ਮਹਿੰਦਰ ਸਿੰਘ ਦਾ ਕੁਝ ਨਸ਼ਾ ਤਸਕਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਕੁਝ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 22 ਮਾਰਚ ਨੂੰ ਥਾਣਾ ਮਹਿਤਪੁਰ ਦੇ ਐੱਸਆਈ ਕਸ਼ਮੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੂਟੇ ਦੀਆਂ ਛੰਨਾ ਵਿਖੇ ਹੋਏ ਕਤਲ ਕੇਸ ਵਿਚ ਲੁੜੀਂਦਾ ਮੁੱਖ ਮੁਲਜ਼ਮ ਅਮਨਦੀਪ ਸਿੰਘ ਉਰਫ ਰਾਜਾ ਆਪਣੀ ਪਤਨੀ ਕੁਲਦੀਪ ਕੌਰ ਸਮੇਤ ਮਹਿਤਪੁਰ ਇਲਾਕੇ ਵਿਚ ਘੁੰਮ ਰਿਹਾ ਹੈ ਤੇ ਉਨ੍ਹਾਂ ਕੋਲ ਨਸ਼ੀਲਾ ਪਦਾਰਥ ਵੀ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਪਿੰਡ ਸੰਗੋਵਾਲ ਦੀ ਦਾਣਾ ਮੰਡੀ ਨੇੜੇ ਕਾਰਵਾਈ ਕਰਦਿਆਂ ਦੋਵਾਂ ਪਤੀ-ਪਤਨੀ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 149 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਦੋਵਾਂ ਖਿਲਾਫ਼ ਮੁਕੱਦਮਾ ਨੰਬਰ 59 ਐੱਨਡੀਪੀਐੱਸ ਐਕਟ ਤਹਿਤ ਦਰਜ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਮਨਦੀਪ ਸਿੰਘ ਉਰਫ ਰਾਜਾ ਨੂੰ ਸਰਪੰਚ ਕਤਲ ਮਾਮਲੇ ’ਚ ਵੀ ਬਾਕਾਇਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
------
ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 7 ਮਾਮਲੇ ਦਰਜ
ਪੁਲਿਸ ਰਿਕਾਰਡ ਮੁਤਾਬਕ ਅਮਨਦੀਪ ਸਿੰਘ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ। ਉਸ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਪਹਿਲਾਂ ਹੀ ਐੱਨਡੀਪੀਐੱਸ ਐਕਟ ਦੇ 6 ਤੇ ਅਸਲਾ ਐਕਟ ਦਾ 1 (ਕੁੱਲ 7) ਮੁਕੱਦਮੇ ਦਰਜ ਹਨ। ਥਾਣਾ ਮਹਿਤਪੁਰ ਦੇ ਐੱਸਐੱਚਓ ਲਾਭ ਸਿੰਘ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਮਨਦੀਪ ਸਿੰਘ ਅਤੇ ਉਸਦੀ ਪਤਨੀ ਕੁਲਦੀਪ ਕੌਰ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਨਸ਼ਾ ਤਸਕਰੀ ਅਤੇ ਕਤਲ ਮਾਮਲੇ ਦੀ ਸਾਜ਼ਿਸ਼ ਬਾਰੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।