ਸੰਤ ਸੀਚੇਵਾਲ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ
ਸੰਤ ਸੀਚੇਵਾਲ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ
Publish Date: Sun, 08 Mar 2026 07:02 PM (IST)
Updated Date: Mon, 09 Mar 2026 04:10 AM (IST)

--ਵਿਸ਼ਵ ਮਹਿਲਾ ਦਿਵਸ ਦੀਆਂ ਦਿੱਤੀਆਂ ਵਧਾਈਆਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਫਿਲੀਪਾਈਨ ਦੀ ਆਪਣੀ 13 ਦਿਨਾਂ ਦੀ ਫੇਰੀ ਉਪੰਰਤ ਦੇਸ਼ ਪਰਤਣ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਿਰਮਲ ਕੁਟੀਆ ਸੀਚੇਵਾਲ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਐਤਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਉਤਰਨ ਤੋਂ ਬਾਅਦ ਸੰਤ ਸੀਚੇਵਾਲ ਸਿੱਧਾ ਸੀਚੇਵਾਲ ਪਹੁੰਚੇ ਜਿੱਥੇ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਫੇਰੀ ਦੌਰਾਨ ਉਨ੍ਹਾਂ ਦਾ ਸਾਰਾ ਧਿਆਨ ਅਮਰੀਕਾ-ਇਜ਼ਰਾਇਲ ਵੱਲੋਂ ਇਰਾਨ ‘ਤੇ ਕੀਤੇ ਜਾ ਰਹੇ ਹਮਲਿਆਂ ‘ਤੇ ਹੀ ਰਿਹਾ। ਉਨ੍ਹਾਂ ਕਿਹਾ ਕਿ ਜੰਗ ਨਾਲ ਵੱਡੀ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਲੋਕ ਜੰਗ ਤੋਂ ਡਰਦੇ ਬੰਕਰਾਂ ਵਿੱਚ ਰਹਿ ਰਹੇ ਹਨ ਜਦ ਕਿ ਉਨ੍ਹਾਂ ਕਸੂਰ ਕੋਈ ਨਹੀ। ਸੰਤ ਸੀਚੇਵਾਲ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਜਿਸ ਘਰ ਵਿੱਚ ਔਰਤ ਦਾ ਇੱਜਤ ਮਾਣ ਤੇ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਉਸ ਘਰ ਵਿੱਚੋਂ ਕਦੇਂ ਬਰਕਤਾਂ ਖਤਮ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਮਾਂ, ਭੈਣ ਤੇ ਪਤਨੀ ਦੇ ਰੂਪ ਵਿੱਚ ਔਰਤ ਇੱਕ ਦੇਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਔਰਤ ਦਾ ਸਨਮਾਨ ਵੱਧਣ ਨਾਲ ਹੀ ਸਮਾਜ ਤੇ ਦੇਸ਼ ਤੱਰਕੀ ਦੇ ਰਾਹ ਪੈ ਸਕਦਾ ਹੈ। ਜਿੱਥੇ ਔਰਤ ਤਕਲੀਫ਼ ਵਿੱਚ ਹੈ, ਉਥੇ ਸਮਾਜ ਕਦੇਂ ਵੀ ਤਰੱਕੀ ਨਹੀਂ ਕਰ ਸਕਦਾ। ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਧਰਮ ਵਿੱਚ ਤਾਂ ਸ਼ੁਰੂ ਤੋਂ ਹੀ ਔਰਤ ਨੂੰ ਬਰਾਬਰ ਦੀ ਭਾਈਵਾਲ ਮੰਨਿਆ ਗਿਆ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਔਰਤ ਵਰਗ ਦੇ ਦਿੱਤੇ ਜਾਣ ਵਾਲੇ ਸਨਮਾਨ ਦਾ ਜ਼ਿਕਰ ਕੀਤਾ। -------------------- 50 ਯੂਨਿਟ ਖੂਨਦਾਨ ਕਰਕੇ ਸਰਕਾਰੀ ਹਸਪਤਾਲ ਨੂੰ ਦਿੱਤੇ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਲੀਪਾਇਨ ਫੇਰੀ ਦੇ ਆਖਰੀ ਦਿਨਾਂ ਦੌਰਾਨ ਪਨਕੀ ਸ਼ਹਿਰ ਵਿੱਚ ਸੇਵਾਦਾਰਾਂ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਯੂਨਿਟ ਦੇ ਕਰੀਬ ਖੂਨਦਾਨ ਸਰਕਾਰੀ ਹਸਪਤਾਲ ਨੂੰ ਦਿੱਤੇ ਗਏ। ਸੰਤ ਸੀਚੇਵਾਲ ਨੇ ਦੱਸਿਆ ਕਿ ਕੁਦਰਤ ਨੇ ਅਜੇ ਤੱਕ ਇਹ ਰਹੱਸ ਆਪਣੇ ਕੋਲ ਰੱਖਿਆ ਹੈ ਕਿ ਖੁਨ ਨੂੰ ਕਿਸੇ ਵੀ ਲੈਬ ਵਿੱਚ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਜੀਵਨ ਸਮਾਜ ਸੇਵਾ ਦੇ ਲੇਖੇ ਲਗਾਉਣ। ਇਹ ਕੈਂਪ ਰੈੱਡ ਕਰਾਸ ਪਨਕੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਸ਼ਾਮ ਵੇਲੇ ਨਿਰਮਲ ਕੁਟੀਆ ਪਨਕੀ ਵਿੱਚ ਹੋਏ ਧਾਰਮਿਕ ਦੀਵਾਨ ਵਿੱਚ ਸੰਤ ਸੀਚੇਵਾਲ ਨੇ ਪ੍ਰਵਚਨਾਂ ਰਾਹੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛੱਕਣ ਦਾ ਸੰਕਲਪ ਤੇ ਚੱਲਣ ਲਈ ਪ੍ਰੇਰਿਆ।