ਸੰਤ ਸੀਚੇਵਾਲ ਨੇ ਫਿਲਪੀਨ ’ਚ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪ੍ਰੇਰਿਆ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Fri, 27 Feb 2026 07:31 PM (IST)
Updated Date: Fri, 27 Feb 2026 07:34 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ
ਰਾਜ ਸਭਾ ਮੈਂਬਰ ਅਤੇ ਵਾਤਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਫਿਲਪੀਨ ਦੌਰੇ ਦੌਰਾਨ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਤੇ ਧਾਰਮਿਕ ਸਮਾਗਮਾਂ ਵਿੱਚ ਸੰਬੋਧਨ ਕਰਦਿਆਂ ਪੰਜਾਬ ਦੇ ਇਤਿਹਾਸਕ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੀ ਚਰਚਾ ਕੀਤੀ। ਉਨ੍ਹਾਂ ਨੇ ਡਾਗੁਪਨ ਤੇ ਉਰਦਾਨੇਤਾ ਵਿੱਚ ਕਰਵਾਏ ਗਏ ਸਮਾਗਮਾਂ ਦੌਰਾਨ ਕਿਹਾ ਕਿ ਕਦੇ ਜੀਵਨ-ਰੇਖਾ ਮੰਨਿਆ ਜਾਣ ਵਾਲਾ ਬੁੱਢਾ ਦਰਿਆ ਬੇਧਿਆਨੀ ਤੇ ਪ੍ਰਦੂਸ਼ਣ ਕਾਰਨ ਹੌਲੀ-ਹੌਲੀ ਨਾਲੇ ਵਿੱਚ ਤਬਦੀਲ ਹੋ ਗਿਆ ਸੀ। ਇਹ ਸਥਿਤੀ ਸਮਾਜ ਲਈ ਚਿੰਤਾਜਨਕ ਸੀ ਪਰ ਹੁਣ ਸੰਗਤਾਂ ਦੀ ਨਿਸ਼ਕਾਮ ਕਾਰਸੇਵਾ ਅਤੇ ਸਮੂਹਿਕ ਯਤਨਾਂ ਨਾਲ ਇਸਦੀ ਪੁਰਾਤਨ ਪਵਿੱਤਰਤਾ ਮੁੜ ਬਹਾਲ ਕਰਨ ਦੀ ਮਜ਼ਬੂਤ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਕਾਲ ਪੁਰਖ ਦੀ ਕਿਰਪਾ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਇਤਿਹਾਸਕ ਸਫਲਤਾ ਹਾਸਲ ਕਰੇਗੀ।
ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆ ਸਿਰਫ਼ ਪਾਣੀ ਦੇ ਸਰੋਤ ਨਹੀਂ, ਸਗੋਂ ਕਿਸੇ ਵੀ ਸੱਭਿਆਚਾਰ ਦੀ ਆਤਮਾ ਹੁੰਦੇ ਹਨ। ਪੰਜ ਆਬਾਂ ਦੀ ਧਰਤੀ ਪੰਜਾਬ ਦੀ ਸ਼ਾਨ ਉਸਦੇ ਦਰਿਆ ਹੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਰਿਆਵਾਂ ਦੀ ਸੰਭਾਲ ਤੇ ਪਵਿੱਤਰਤਾ ਬਰਕਰਾਰ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਫਿਲਪੀਨ ਦੇ ਵੱਖ-ਵੱਖ ਸ਼ਹਿਰਾਂ ਅਤੇ ਟਾਪੂਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਆਪਣਾ ਰੂਹਾਨੀ ਅਤੇ ਜਜ਼ਬਾਤੀ ਨਾਤਾ ਕਾਇਮ ਰੱਖਣ ਤੇ ਆਪਣੇ ਪਿੰਡਾਂ-ਕਸਬਿਆਂ ਵਿੱਚ ਵਗਦੀਆਂ ਛੋਟੀਆਂ-ਵੱਡੀਆਂ ਨਦੀਆਂ, ਚੋਆਂ ਤੇ ਤਲਾਬਾਂ ਦੀ ਸਫਾਈ ਲਈ ਅੱਗੇ ਆਉਣ। ਇਸ ਮੌਕੇ ਫਿਲਪੀਨ ਵਿੱਚ ਵੱਸਦੇ ਸੇਵਾਦਾਰਾਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਨੂੰ ਲੋਕ-ਭਲਾਈ ਅਤੇ ਵਾਤਾਵਰਨ ਲਈ ਕੀਤੇ ਜਾ ਰਹੇ ਕਾਰਜ਼ਾ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰੇ ਨੇ ਪਰਵਾਸੀ ਪੰਜਾਬੀਆਂ ਵਿੱਚ ਵਾਤਾਵਰਨ ਪ੍ਰਤੀ ਨਵੀਂ ਚੇਤਨਾ ਜਗਾਉਂਦਿਆਂ ਬੁੱਢੇ ਦਰਿਆ ਦੀ ਕਾਰਸੇਵਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਹਚਾਣ ਬਖ਼ਸ਼ੀ ਹੈ।