ਸੰਤ ਸੀਚੇਵਾਲ ਨੇ ਵੱਖ-ਵੱਖ ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ
ਸੰਤ ਸੀਚੇਵਾਲ ਨੇ ਵੱਖ-ਵੱਖ ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ
Publish Date: Wed, 15 Apr 2026 06:48 PM (IST)
Updated Date: Wed, 15 Apr 2026 06:51 PM (IST)

-ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਨਿਰਮਲ ਕੁਟੀਆ ਸੀਚੇਵਾਲ ਵਿਖੇ ਬੁੱਧਵਾਰ ਨੂੰ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 5000 ਲੀਟਰ ਪਾਣੀ ਦੀ ਕਪੈਸਿਟੀ ਵਾਲੀਆਂ ਟੈਂਕੀਆਂ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਸੌਂਪੀਆਂ। ਇਸੇ ਸਿਲਸਿਲੇ ਤਹਿਤ ਪਿੰਡ ਸੈਦਪੁਰ ਝਿੜੀ ਦੇ ਸਰਪੰਚ ਤਰਸੇਮ ਸਿੰਘ ਧੰਜੂ ਤੇ ਹੋਰ ਪਤਵੰਤਿਆਂ ਨੇ ਪਾਣੀ ਵਾਲੀ ਟੈਂਕੀ ਪ੍ਰਾਪਤ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਹਰ ਮਨੁੱਖ ਦੀ ਮੁੱਢਲੀ ਲੋੜ ਹੈ। ਇਸ ਲੋੜ ਨੂੰ ਧਿਆਨ ’ਚ ਰੱਖਦਿਆਂ ਉਨਾਂ ਆਪਣੇ ਅਖਤਿਆਰੀ ਕੋਟੇ ’ਚੋਂ 225 ਟੈਂਕੀਆਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ਟੈਂਕੀਆਂ ਦੀ ਕੁਆਲਿਟੀ ਬੜੀ ਸ਼ਾਨਦਾਰ ਹੈ। ਇਹ ਲੰਬਾ ਸਮਾਂ ਖਰਾਬ ਨਹੀਂ ਹੁੰਦੀਆਂ। ਸੰਤ ਸੀਚੇਵਾਲ ਨੇ ਟੈਂਕੀਆਂ ਪ੍ਰਾਪਤ ਕਰਨ ਵਾਲੀਆਂ ਪੰਚਾਇਤਾਂ ਨੂੰ ਟੈਂਕੀਆਂ ਦੀ ਸਾਂਭ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਣ ਲਈ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ। ਮਾਨ ਹੁਰੀਂ ਮੈਨੂੰ ਰਾਜ ਸਭਾ ਵਿੱਚ ਲੈ ਕੇ ਗਏ। ਰਾਜ ਸਭਾ ਦਾ ਮੈਂਬਰ ਹੋਣ ਦੀ ਹੈਸੀਅਤ ’ਚ ਉਹ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰ ਸਕੇ ਹਨ। ਇਸ ਮੌਕੇ ਸ਼ਰਾਇਨ ਬੋਰਡ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ, ਏਕ ਉਕਾਂਰ ਚੈਰੀਟੇਬਲ ਟਰਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੈਂਟੀ ਅਤੇ ਪੀਏ ਪਾਲ ਸਿੰਘ ਨੌਲੀ ਵੀ ਮੌਜੂਦ ਸਨ। ਪਿੰਡ ਸੈਦਪੁਰ ਝਿੜੀ ਦੀ ਪੰਚਾਇਤ ਨੂੰ ਟੈਂਕੀ ਮੁਹੱਈਆ ਕਰਵਾਉਣ ਲਈ ਸਰਪੰਚ ਤਰਸੇਮ ਸਿੰਘ ਧੰਜੂ ਤੇ ਅਮਨਦੀਪ ਸਿੰਘ ਸੈਦਪੁਰੀ ਨੇ ਸੰਤ ਸੀਚੇਵਾਲ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸੇ ਲਈ ਲੋਕ ਉਨਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸਰਵਣ ਕੁਮਾਰ ਬਿੱਲਾ ਪੰਚ, ਵਿਜੇ ਕੁਮਾਰ ਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਸੰਦੀਪ ਕੁਮਾਰ, ਤਲਵਿੰਦਰ ਸਿੰਘ ਧੰਜੂ, ਸ਼ਾਮ ਲਾਲ ਸਾਬਕਾ ਪੰਚ, ਅਮਰੀਕ ਸਿੰਘ ਜੰਮੂ ਸਾਬਕਾ ਪੰਚ, ਮਨੀ ਆਦਿ ਮੌਜੂਦ ਸਨ।