ਸੰਤ ਸੀਚੇਵਾਲ ਨੇ ਪਿੰਡਾਂ ਨੂੰ ਦਿੱਤੀਆਂ 25 ਪਾਣੀ ਵਾਲੀਆਂ ਟੈਂਕੀਆਂ
ਸੰਤ ਸੀਚੇਵਾਲ ਨੇ ਪਿੰਡਾਂ ਨੂੰ ਦਿੱਤੀਆਂ 25 ਪਾਣੀ ਵਾਲੀਆਂ ਟੈਂਕੀਆਂ
Publish Date: Mon, 23 Mar 2026 06:36 PM (IST)
Updated Date: Mon, 23 Mar 2026 06:37 PM (IST)

-ਪੰਜਾਬ ਦੇ 15 ਜ਼ਿਲ੍ਹਿਆਂ ਨੂੰ ਹੁਣ ਤੱਕ ਦਿੱਤੀਆਂ 220 ਟੈਂਕੀਆਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 25 ਪਿੰਡਾਂ ਨੂੰ 25 ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ ਗਈਆਂ। ਅੱਜ ਇਨ੍ਹਾਂ 25 ਟੈਂਕੀਆਂ ਨੂੰ ਰਵਾਨਾ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਸ਼ਹੀਦੇ ਅਜ਼ਾਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਇਹ ਸੰਖੇਪ ਸਮਾਗਮ ਕਰਵਾਇਆ ਗਿਆ ਸੀ। ਉਨਾਂ ਕਿਹਾ ਕਿ ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਿੱਚ ਹੀ ਪਾਣੀ ਦੀਆਂ ਇਹ 25 ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹ 25 ਟੈਂਕੀਆਂ ਵਿੱਚ ਇੱਕ ਟੈਂਕੀ ਤਿੰਨ ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਸੀ ਤੇ 24 ਟੈਂਕੀਆਂ ਪੰਜ ਹਜ਼ਾਰ ਲੀਟਰ ਵਾਲੀ ਸਮਰੱਥਾ ਵਾਲੀਆਂ ਹਨ। ਇਨ੍ਹਾਂ ਸਾਰੀਆਂ ਟੈਂਕੀਆਂ ਦੀ ਕੁਲ ਲਾਗਤ 91 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਜੋ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਪਣੇ ਅਖਤਿਆਰੀ ਫੰਡਜ਼ ਵਿੱਚੋਂ ਪਿੰਡਾਂ ਨੂੰ ਦਿੱਤੀ ਗਈ ਸੀ। ਪਾਣੀ ਵਾਲੀਆਂ ਟੈਂਕੀਆਂ ਹਾਸਲ ਕਰਨ ਵਾਲੇ ਸਰਪੰਚਾਂ ਨੇ ਇੱਕਸੁਰ ਹੁੰਦਿਆ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਕਦੇ ਵੀ ਕਿਸੇ ਮੈਂਬਰ ਪਾਰਲੀਮੈਂਟ ਵੱਲੋਂ ਕੋਈ ਗ੍ਰਾਂਟ ਨਹੀਂ ਸੀ ਦਿੱਤੀ। ਸੂਜੋਕਾਲੀਆ ਪਿੰਡ ਦੇ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਦੇਸ਼ ਆਜ਼ਾਦ ਹੋਇਆ ਨੂੰ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਪਿੰਡ ਨੂੰ ਪਹਿਲਾਂ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਕੋਈ ਗਰਾਂਟ ਨਹੀਂ ਸੀ ਦਿੱਤੀ। ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਉਨ੍ਹਾਂ ਦੇ ਪਿੰਡ ਦਬੂਲੀਆਂ ਨੂੰ 28 ਲੱਖ ਤੋਂ ਵੱਧ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ। ਇਸ ਵਿੱਚ ਪਾਣੀ ਵਾਲੀ ਟੈਂਕੀ ਸਮੇਤ ਖੇਡਾਂ ਦੇ ਮੈਦਾਨ ਨੂੰ ਕੌਮਾਂਤਰੀ ਪੱਧਰ ਦਾ ਮਿਆਰ ਦੇਣ ਲਈ ਗਰਾਂਟ ਦਿੱਤੀ ਗਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਅਸਲ ਵਿੱਚ ਵਿਸ਼ਵ ਜਲ ਦਿਵਸ ਮੌਕੇ ਪਾਣੀ ਵਾਲੀਆਂ ਇਹ ਟੈਂਕੀਆਂ ਦਿੱਤੀਆਂ ਜਾਣੀਆ ਸਨ ਪਰ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਚੱਲਦਿਆ ਮਜ਼ਬੂਰੀਵਸ ਇਹ ਸਮਾਗਮ ਇੱਕ ਦਿਨ ਲਈ ਅੱਗੇ ਪਾਉਣਾ ਪਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਆਪਣੇ ਅਖਤਿਆਰੀ ਫੰਡ ’ਚੋਂ ਹੁਣ ਤੱਕ ਪੰਜਾਬ ਦੇ 15 ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਨੂੰ 220 ਵਾਟਰ ਟੈਂਕਰ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਟੈਂਕੀਆਂ ‘ਤੇ ਕੁਲ 8 ਕਰੋੜ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ। ਇਨਾਂ ਜ਼ਿਲ੍ਹਿਆਂ ’ਚ ਜਲੰਧਰ, ਕਪੂਰਥਲਾ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ-ਤਾਰਨ, ਫਰੀਦਕੋਟ, ਲੁਧਿਆਣਾ, ਮਾਨਸਾ, ਮੋਗਾ, ਕੋਟਕਪੂਰਾ, ਸ਼੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਹੁਸ਼ਿਆਰਪੁਰ, ਮੁਕਤਸਰ ਸਾਹਿਬ, ਰੂਪਨਗਰ ਤੇ ਬਠਿੰਡਾ ਸ਼ਾਮਲ ਹਨ। ------------------- ਸੰਤ ਸੀਚੇਵਾਲ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਿਆ ਗਿਆ ਹੈ। ਇਸੇ ਕਾਰਨ ਜਿੱਥੇ ਵਾਤਾਵਰਨ ਸਬੰਧੀ ਮੁੱਦਿਆਂ ਨੂੰ ਬੜੀ ਮਜ਼ਬੂਤੀ ਨਾਲ ਰੱਖਣ ’ਚ ਕਾਮਜਾਬ ਹੋਏ ਹਨ, ਉਥੇ ਹੀ ਲੋਕ ਭਲਾਈ ਵਾਸਤੇ ਹਰ ਸਾਲ ਪੰਜ ਕਰੋੜ ਦੀ ਗ੍ਰਾਂਟ ਖਰਚਾ ਰਹੇ ਹਨ। ਪਾਣੀਆਂ ਵਾਲੀਆਂ ਟੈਂਕੀਆਂ ਇਸ ਦੀ ਸਪੱਸ਼ਟ ਉਦਾਹਰਨ ਹੈ।