ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ : ਸੰਤ ਸੀਚੇਵਾਲ
ਸੰਤ ਸੀਚੇਵਾਲ ਨੇ ਵਿਸ਼ਵ ਵਿੱਚ ਵੱਧ ਰਹੇ ਯੁੱਧੀ ਤਣਾਅ 'ਤੇ ਪ੍ਰਗਟਾਈ ਡੂੰਘੀ ਚਿੰਤਾ
Publish Date: Thu, 05 Mar 2026 07:58 PM (IST)
Updated Date: Thu, 05 Mar 2026 07:59 PM (IST)

-ਵਿਸ਼ਵ ’ਚ ਵੱਧ ਰਹੇ ਜੰਗੀ ਤਣਾਅ ’ਤੇ ਪ੍ਰਗਟਾਈ ਡੂੰਘੀ ਚਿੰਤਾ -ਮਨੱਖਤਾ ਦਾ ਘਾਣ ਕਰ ਰਹੀਆਂ ਧਿਰਾਂ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਫਿਲਪੀਨ ਦੌਰੇ ਦੇ ਆਖਰੀ ਦਿਨਾਂ ਦੌਰਾਨ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੀਬੂ ਸ਼ਹਿਰ ਦੇ ਗੁਰੂਘਰਾਂ ਵਿੱਚ ਹੋਏ ਧਾਰਮਿਕ ਸਮਾਗਮਾਂ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਦੁਨੀਆ ਵਿੱਚ ਵਧ ਰਹੇ ਯੁੱਧੀ ਤਣਾਅ ਖਤਮ ਹੋਣ ਦੀ ਕਾਮਨਾ ਕੀਤੀ ਗਈ। ਉਨ੍ਹਾਂ ਨੇ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਬਣ ਰਹੀ ਤਣਾਭਰੀ ਸਥਿਤੀ ਦੇ ਸ਼ਾਂਤੀਪੂਰਨ ਹੱਲ ਲਈ ਅਰਦਾਸ ਕਰਦਿਆਂ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤਣਾਅ ਹੱਦੋਂ ਵੱਧ ਜਾਂਦੇ ਹਨ ਤਾਂ ਇਹ ਵਿਸ਼ਵ ਯੁੱਧ ਦਾ ਰੂਪ ਧਾਰ ਸਕਦੇ ਹਨ, ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਬੇਗੁਨਾਹ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਸਕੂਲ ਵਿੱਚ ਮਿਜ਼ਾਈਲ ਹਮਲੇ ਦੌਰਾਨ 161 ਲੜਕੀਆਂ ਦੀ ਦੁਖਦਾਈ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਉਹ ਬੱਚੀਆਂ ਸਨ ਜੋ ਆਪਣੇ ਉਜਲੇ ਭਵਿੱਖ ਲਈ ਸਕੂਲਾਂ ਵਿੱਚ ਪੜ੍ਹ ਰਹੀਆਂ ਸਨ ਪਰ ਜੰਗੀ ਤਬਾਹੀ ਨੇ ਉਨ੍ਹਾਂ ਦੇ ਸੁਪਨੇ ਖੋਹ ਲਏ। ਉਨ੍ਹਆਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਮੋਬੋਲੋ ਅਤੇ ਗੁਰਦੁਆਰਾ ਸਿੰਘ ਸਭਾ ਸੀਬੂ ਵਿਖੇ ਕਰਵਾਏ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਿੱਥੇ ਘਰ ਵਿੱਚ ਲੜਾਈ ਹੋਵੇ ਉਹ ਘਰ ਤਰੱਕੀ ਨਹੀਂ ਕਰਦਾ ਅਤੇ ਜਿੱਥੇ ਦੇਸ਼ਾਂ ਵਿੱਚ ਜੰਗ ਹੋਵੇ ਉਹ ਦੇਸ਼ ਵੀ ਕਦੇ ਖੁਸ਼ਹਾਲ ਨਹੀਂ ਹੋ ਸਕਦੇ। ਪਿਛਲੇ ਸਮੇਂ ਵਿੱਚ ਯੂਕਰ ਅਤੇ ਰਸ਼ੀਆਂ ਦੀ ਜੰਗ ਨੇ ਵੀ ਲੱਖਾਂ ਪਰਿਵਾਰਾਂ ਨੂੰ ਉਜਾੜ ਦਿੱਤਾ। ਇਸੇ ਤਰ੍ਹਾਂ ਗਾਜ਼ਾ ਵਿੱਚ ਹੋਈ ਤਬਾਹੀ ਨੇ ਮਨੁੱਖਤਾ ਨੂੰ ਢਾਡਾ ਦੁੱਖ ਦਿੱਤਾ ਹੈ। ਘਰਾਂ ਦੇ ਘਰ ਖੰਡਰ ਬਣ ਗਏ, ਲੱਖਾਂ ਬੱਚੇ ਮਾਰੇ ਗਏ ਅਤੇ ਅਣਗਿਣਤ ਲੋਕ ਭੁੱਖ ਅਤੇ ਬੇਘਰੀ ਦਾ ਸ਼ਿਕਾਰ ਹੋ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਵੱਡੀਆਂ ਤਾਕਤਾਂ ਜੇ ਆਪਣੀ ਸਰਦਾਰੀ ਕਾਇਮ ਕਰਨ ਲਈ ਛੋਟੇ ਦੇਸ਼ਾਂ ‘ਤੇ ਹਮਲੇ ਕਰਦੀਆਂ ਹਨ ਤਾਂ ਇਸ ਨਾਲ ਸਿਰਫ ਮਨੁੱਖਤਾ ਦਾ ਘਾਣ ਹੁੰਦਾ ਹੈ। ਉਨ੍ਹਾਂ ਨੇ ਸਮੂਹ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਅਜਿਹੀਆਂ ਸਾਮਰਾਜੀ ਸੋਚਾਂ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਉਠਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਰੋਜ਼ੀ-ਰੋਟੀ ਲਈ ਗਏ ਲੱਖਾਂ ਭਾਰਤੀ ਅੱਜ ਯੁੱਧੀ ਹਾਲਾਤਾਂ ਕਾਰਨ ਚਿੰਤਾ ਵਿੱਚ ਹਨ। ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ ਪਰ ਸਮਾਜ ਨੂੰ ਵੀ ਮਨੁੱਖਤਾ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਲਈ ਦੁਨੀਆ ਦੇ ਨੇਤਾਵਾਂ ਨੂੰ ਯੁੱਧ ਦੀ ਬਜਾਏ ਸੰਵਾਦ ਅਤੇ ਸ਼ਾਂਤੀ ਦਾ ਰਾਹ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਗੁਰੂਘਰਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ। ਖਾਸ ਕਰਕੇ ਅਰਬ ਦੇਸ਼ਾਂ ਵਿੱਚ ਫਸੀਆਂ ਪੰਜਾਬ ਦੀਆਂ ਧੀਆਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿਸ਼ਵ ਵਿੱਚ ਬਣੇ ਯੁੱਧੀ ਹਾਲਾਤ ਜਲਦੀ ਖ਼ਤਮ ਹੋਣ ਅਤੇ ਵਿਸ਼ਵ ਵਿੱਚ ਭਾਈਚਾਰੇ ਅਤੇ ਸੁਖ-ਸ਼ਾਂਤੀ ਦਾ ਮਾਹੌਲ ਬਣੇ।