ਸੰਤ ਸੀਚੇਵਾਲ ਨੇ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਦੀ ਕੀਤੀ ਮੰਗ
ਸੰਤ ਸੀਚੇਵਾਲ ਨੇ ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਦੀ ਕੀਤੀ ਮੰਗ
Publish Date: Wed, 18 Mar 2026 07:00 PM (IST)
Updated Date: Wed, 18 Mar 2026 07:04 PM (IST)

-40 ਸਾਲਾਂ ਬਾਅਦ ਨਕੋਦਰ ਬੇਅਦਬੀ ਕਾਂਡ ਦੀ ਸੰਸਦ ’ਚ ਗੂੰਜ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ’ਚ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਰੱਖਦਿਆ ਇਸ ਬਾਰੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਰੱਖੇ ਗਏ ਸਪਸ਼ੈਲ ਮੈਨਸ਼ਨ (ਵਿਸ਼ੇਸ਼ ਕਥਨ) ਨੂੰ ਰਾਜ ਸਭਾ ਹਾਊਸ ਵੱਲੋਂ ਸਵੀਕਾਰ ਕਰ ਲਿਆ ਗਿਆ। ਸੰਤ ਸੀਚੇਵਾਲ ਨੇ ਸਪੈਸ਼ਲ ਮੈਨਸ਼ਨ ’ਚ 40 ਸਾਲ ਪਹਿਲਾਂ ਨਕੋਦਰ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਲੈਕੇ ਬਰਗਾੜੀ ਤੱਕ ਹੋਈਆਂ ਬੇਅਦਬੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ। ਸੰਤ ਸੀਚੇਵਾਲ ਨੇ ਇਸ ਮੁੱਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ, ਕੁਰਾਨ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਪੰਨ੍ਹਿਆਂ ਦੀ ਜਿਸ ਤਰ੍ਹਾਂ ਨਾਲ ਬੇਅਦਬੀ ਕੀਤੀ ਗਈ ਉਹ ਬਹੁਤ ਹੀ ਦੁਖਦਾਇਕ ਹੈ। ਇਸ ਨਾਲ ਸਾਰਿਆਂ ਦੇ ਹਿਰਦੇ ਵਾਲੂੰਧਰੇ ਜਾਂਦੇ ਹਨ ਤੇ ਪੰਜਾਬ ’ਚ ਬਦਅਮਨੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਾਰਨ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿ ਇੱਥੇ ਕਿਸੇ ਵੀ ਧਿਰ ਨੂੰ ਹਲਾਤ ਖਰਾਬ ਕਰਨ ਦਾ ਮੌਕਾ ਨਾ ਮਿਲੇ। ਸੰਤ ਸੀਚੇਵਾਲ ਨੇ ਹਾਊਸ ਨੂੰ ਦੱਸਿਆ ਕਿ 40 ਸਾਲ ਪਹਿਲਾਂ 2 ਫਰਵਰੀ 1986 ’ਚ ਵਾਪਰੇ ਨਕੋਦਰ ਬੇਅਦਬੀ ਕਾਂਡ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਂਟ ਹੋ ਗਏ ਸਨ। ਉਸ ਵੇਲੇ ਰੋਸ ਪਰਗਟਾ ਰਹੇ ਸਿੱਖ ਸੰਗਤ ’ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ ਤੇ ਬਰਗਾੜੀ ’ਚ ਹੋਈ ਬੇਅਦਬੀ ਦੌਰਾਨ ਵੀ ਦੋ ਸਿੱਖ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਗ੍ਰੰਥ ਸਿਰਫ਼ ਕਿਤਾਬਾਂ ਨਹੀਂ ਹੁੰਦੀਆਂ ਸਗੋਂ ਸਮਾਜ ਲਈ ਰਾਹ ਦਸੇਰਾ ਹੁੰਦੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਿਊਂਦੀ ਜਾਗਦੀ ਜੋਤ ਹੈ। ਜੋ ਲੋਕਾਈ ਦਾ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਦੇਸ਼ ਪੱਧਰ ’ਤੇ ਸਖ਼ਤ ਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਇਆ ਜਾਵੇ। ਦੇਸ਼ ’ਚ ਹੋਈਆਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ। ਇਸ ਲਈ ਖ਼ਾਸ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਸੰਤ ਸੀਚੇਵਾਲ ਨੇ ਸਮਾਣੇ ’ਚ ਲੱਗੇ ਮੋਰਚੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਉਥੇ ਵੀ ਬੇਅਦਬੀਆਂ ਦਾ ਇਨਸਾਫ਼ ਮੰਗ ਰਹੀਆਂ ਹਨ ਤੇ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੀਆਂ ਹਨ। ----------------------- ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦੈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ’ਚ ਹੋਈ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ’ਚ ਭਾਰੀ ਰੋਸ ਸੀ। ਸੰਗਤਾਂ ਜਦੋਂ 4 ਫਰਵਰੀ 1986 ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੀਆਂ ਸਨ ਤਾਂ ਪੰਜਾਬ ਪੁਲਿਸ ਵੱਲੋਂ ਬਿਨ੍ਹਾਂ ਚਿਤਾਵਨੀ ਦਿੱਤਿਆ ਜਿਸ ਤਰ੍ਹਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਉਸ ਨਾਲ ਚਾਰ ਸਿੱਖ ਨੌਜਵਾਨਾਂ ਦੀ ਸ਼ਹਾਦਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਇਸ ਗੋਲੀਬਾਰੀ ’ਚ ਭਾਈ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਹਰਮਿੰਦਰ ਸਿੰਘ ਰਾਏਪੁਰਚਾਲੂਪਰ ਤੇ ਭਾਈ ਝਿਲਮਣ ਸਿੰਘ ਗੌਂਰਸੀਆ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਥਾਣੇ ’ਚੋਂ ਐੱਫਆਈਆਰ ਦਾ ਰਿਕਾਰਡ ਨਹੀਂ ਲੱਭ ਰਿਹਾ ਤਾਂ ਫਿਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਜਾਂਚ ਕਿਵੇਂ ਹੋ ਗਈ। ਇਹ ਜਾਂਚ ਰਿਪੋਰਟ ਨੂੰ ਬਿਨ੍ਹਾਂ ਐਕਸ਼ਨ ਟੇਕਨ ਰਿਪੋਰਟ ਦੇ ਪੰਜਾਬ ਵਿਧਾਨ ਸਭਾ ’ਚ ਕਿਵੇਂ ਪੇਸ਼ ਹੋ ਗਈ ਸੀ? ਉਨ੍ਹਾਂ ਕਿਹਾ ਕਿ ਇਹ ਸਾਰੇ ਸਵਾਲ ਜਾਂਚ ਦਾ ਵਿਸ਼ਾ ਹਨ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।