ਸੰਤ ਸੀਚੇਵਾਲ ਵੱਲੋਂ ਪੰਜਾਬ ਤੋਂ ਬਾਹਰਲੇ ਤਖਤ ਸਹਿਬਾਨਾਂ ਲਈ ਸਿੱਧੀਆਂ ਹਵਾਈ ਉਡਾਨਾਂ ਦੀ ਮੰਗ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਜਟ ਸ਼ੈਸ਼ਨ ਦੇ ਪਹਿਲੇ ਹਿੱਸੇ ਵਿਚ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆ ਕਿਹਾ ਕਿ ਉਨ੍ਹਾਂ ਪੰਜਾਬ, ਖਾੜੀ ਦੇਸ਼ਾਂ ਵਿੱਚ ਭਾਰਤੀ ਔਰਤਾਂ ਦੀ ਖੱਜਲ ਖੁਆਰ ਰੋਕਣ, ਕੈਂਸਰ, ਨੈਸ਼ਨਲ ਹਾਈਵੇ ਦੇ ਪੰਜਾਬ ਵਿਚ ਰੁਕੇ ਹੋਏ ਪ੍ਰੋਜੈਕਟਾਂ ਬਾਬਤ ਅਤੇ ਵਾਤਾਵਰਣ ਸਮੇਤ ਲੋਕ ਭਲਾਈ ਦੇ ਮੁੱਦਿਆਂ ਨੂੰ ਛੂਹਣ ਦੇ ਯਤਨ ਕੀਤੇ ਹਨ। ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਵਿੱਚ ਪੰਜਾਬ ਤੋਂ ਬਾਹਰ ਦੋਵੇਂ ਤਖਤ ਸਾਹਿਬਾਨ ਨੂੰ ਸਿੱਧਾ ਹਵਾਈ ਸੇਵਾਵਾਂ ਨਾਲ ਜੋੜਨ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇਤਿਹਾਸਕ ਅਤੇ ਧਾਰਮਿਕ ਤੌਰ `ਤੇ ਜੁੜੇ ਸੁਲਤਾਨਪੁਰ ਲੋਧੀ ਨੂੰ ਰੇਲਵੇ ਮਾਰਗ ਰਾਹੀ ਪੰਜਾਂ ਤਖਤਾਂ ਨਾਲ ਜੋੜਨ ਦਾ ਮੁੱਦਾ ਰੱਖਿਆ ਸੀ।
ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਆਦਮਪੁਰ ਅਤੇ ਮੋਹਾਲੀ ਦੇ ਹਵਾਈ ਅੱਡਿਆਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਸਮੇਤ ਦੇਸ਼ ਵਿੱਚ ਸਿੱਖਾਂ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਨੂੰ ਸਿੱਧੀ ਹਵਾਈ ਸੇਵਾ ਨਾਲ ਜੋੜਿਆ ਜਾਵੇ। ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰਾ ਵੱਡੀ ਪੱਧਰ `ਤੇ ਪਰਵਾਸ ਧਾਰਨ ਕਰ ਚੁੱਕਾ ਹੈ। ਉਹ ਸਾਰਾ ਸਾਲ ਤਖਤ ਸਾਹਿਬਾਨ ਦੀਆਂ ਯਾਤਰਾਵਾਂ ਕਰਦੇ ਹਨ। ਪੰਜਾਬ ਵਿਚਲੇ ਹਵਾਈ ਅੱਡਿਆਂ ਤੋਂ ਜੇ ਸਿੱਧੀਆਂ ਉਡਾਨਾਂ ਸ਼ੁਰੂ ਹੁੰਦੀਆਂ ਹਨ ਤਾਂ ਇਸ ਨਾਲ ਰੁਜ਼ਗਾਰ ਦੇ ਮੌਕੇ ਵੱਡੀ ਪੱਧਰ `ਤੇ ਮਿਲਣਗੇ। ਉਨ੍ਹਾਂ ਇੰਡੀਗੋ ਹਵਾਈ ਜਹਾਜਾਂ ’ਚ ਸਫ਼ਰ ਕਰਨ ਵਾਲਿਆਂ ਦੀ ਹੋਈ ਭਾਰੀ ਖੱਜਲ ਖੁਆਰੀ ਦੇ ਮੁੱਦਿਆਂ ਬਾਰੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਸੀ। ਸੰਤ ਸੀਚੇਵਾਲ ਨੇ ਇੰਡੀਗੋ ਦੀਆਂ ਬਹੁਤ ਸਾਰੀਆਂ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਫਸੇ ਯਾਤਰੀਆਂ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਸੰਕਟ ਸਮੇਂ ਏਅਰਲਾਈਨਾ ਵਲੋਂ ਵਧਾਏ ਜਾਂਦੇ ਕਿਰਾਏ `ਤੇ ਵੀ ਸਰਕਾਰ ਦਾ ਕੋਈ ਕੰਟਰੋਲ ਨਾ ਹੋਣ ਕਾਰਨ ਕੇਂਦਰ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਉਨ੍ਹਾਂ ਕਿਹਾ ਕਿ ਏਅਰਲਾਈਨਾਂ ਵੱਲੋਂ ਇਸ ਤਰ੍ਹਾਂ ਲੋਕਾਂ ਨਾਲ ਸੋਸ਼ਣ ਕਰਨਾ ਮੰਦਭਾਗਾ ਹੈ। ਦੇਸ਼ ਦੇ ਰੇਲ ਮੰਤਰਾਲੇ ਨਾਲ ਸਬੰਧਤ ਸਵਾਲਾਂ ਦੌਰਾਨ ਵਿਚ ਸੰਤ ਬਲਬੀਰ ਸਿੰਘ ਨੇ ਸੁਲਤਾਨਪੁਰ ਲੋਧੀ ਦੀ ਰੇਲ ਕੁਨੈਕਟਿਵਿਟੀ ਨੂੰ ਵਧਾਉਣ ਅਤੇ ਅੰਡਰਬ੍ਰਿਜਾਂ ‘ਤੇ ਸ਼ੈੱਡ ਲਾਜ਼ਮੀ ਕਰਨ ਦੀ ਮੰਗ ਰੱਖੀ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਜੁਆਬ ’ਚ ਸੰਤ ਸੀਚੇਵਾਲ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਪਹਿਲਾਂ ਹੀ 22 ਟ੍ਰੇਨਾਂ ਰਾਹੀਂ ਕਈ ਵੱਡੇ ਸ਼ਹਿਰਾਂ ਨਾਲ ਜੋੜਿਆ ਹੋਇਆ ਹੈ ਅਤੇ ਨਵੇਂ ਪ੍ਰੋਜੈਕਟ ਸਾਈਟ ਦੀ ਲੋੜ ਅਤੇ ਸੰਭਾਵਨਾਂ ਤਲਾਸ਼ੀਆਂ ਜਾਣਗੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਯਾਤਰੀਆਂ, ਆਮ ਲੋਕਾਂ ਅਤੇ ਪੰਜਾਬ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦੇ ਉਨ੍ਹਾਂ ਦੀ ਪਹਿਲ ਰਹੀ ਹੈ। ਉਹ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ‘ਤੇ ਦਬਾਅ ਬਣਾਉਂਦੇ ਰਹਿਣਗੇ, ਤਾਂ ਜੋ ਪੰਜਾਬ ਨੂੰ ਉਸਦਾ ਹੱਕ ਮਿਲ ਸਕੇ।