ਬੇਅਦਬੀ ਵਿਰੁੱਧ ਕਾਨੂੰਨ ਬਣਨ ’ਤੇ ਸੰਤ ਸੀਚੇਵਾਲ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ
ਬੇਅਦਬੀ ਵਿਰੁੱਧ ਕਾਨੂੰਨ ਬਣਨ ‘ਤੇ ਸੰਤ ਸੀਚੇਵਾਲ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ
Publish Date: Sun, 19 Apr 2026 07:01 PM (IST)
Updated Date: Mon, 20 Apr 2026 04:10 AM (IST)

-ਸਮਾਣਾ ਟਾਵਰ ਮੋਰਚੇ ਦੇ ਆਗੂ ਗੁਰਜੀਤ ਸਿੰਘ ਖ਼ਾਲਸਾ ਸਮੇਤ ਸਮੁੱਚੀ ਸੰਗਤ ਦੇ ਸੰਘਰਸ਼ ਨੂੰ ਕੀਤਾ ਪ੍ਰਣਾਮ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਬਿੱਲ 2026 ਨੂੰ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਵਾਨਗੀ ਦੇਣ ‘ਤੇ ਰਾਜ ਸਭਾ ਮੈਂਬਰ ਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ 13 ਅਪ੍ਰੈਲ 2026 ਨੂੰ ਪੰਜਾਬ ਦੀ ਵਿਧਾਨ ਸਭਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਜਿਹੜਾ ਸੋਧ ਬਿੱਲ ਪਾਸ ਕੀਤਾ ਸੀ ਉਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਦਸਤਖਤ ਕੀਤੇ ਜਾਣ ਨਾਲ ਇਸ ਬਿੱਲ ਨੇ ਹੁਣ ਕਾਨੂੰਨ ਦਾ ਰੂਪ ਲੈ ਲਿਆ ਹੈ। ਇਸ ਨਾਲ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਤੇ 25 ਲੱਖ ਤੱਕ ਦਾ ਜ਼ੁਰਮਾਨਾ ਲਾਇਆ ਜਾਵੇਗਾ। ਯਾਦ ਰਹੇ ਕਿ ਪਾਰਲੀਮੈਂਟ ਦੇ ਬਜਟ ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਵੱਲੋਂ ਸਪੈਸ਼ਲ ਮੈਨਸ਼ਨ ਰਾਹੀ ਕੇਂਦਰ ਸਰਕਾਰ ਕੋਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਐਮਪੀ ਵੱਲੋਂ ਬੇਅਬਦੀਆਂ ਵਿਰੁਧ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ। ਸੰਤ ਸੀਚੇਵਾਲ ਨੇ ਇਸ ਬਿੱਲ ਤੇ ਰਾਜਪਾਲ ਪੰਜਾਬ ਦੀ ਮੋਹਰ ਲੱਗਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸੰਤ ਸੀਚੇਵਾਲ ਨੇ ਕਿਹਾ ਕਿ ਬਰਗਾੜੀ ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਸਾਲ 2015 ਵਿੱਚ ਵਾਪਰੀਆਂ ਘਟਨਾਵਾਂ ਨਾਸੂਰ ਬਣ ਗਈਆਂ ਹਨ। ਬੇਅਦਬੀ ਦੀਆਂ ਘਟਨਾਵਾਂ ਨੇ ਸਮੁੱਚੇ ਪੰਥ ਦੇ ਹਿਰਦੇ ਵਾਲੰਧਰ ਕੇ ਰੱਖ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਘਟਨਾਵਾਂ ਦੇ 11 ਸਾਲ ਬੀਤ ਜਾਣ ‘ਤੇ ਵੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦੇ ਮਨ ਵਿੱਚ ਕਾਨੂੰਨ ਦਾ ਡਰ ਨਹੀਂ ਸੀ। ਨਕੋਦਰ ਬੇਅਦਬੀ ਕਾਂਡ ਦੇ ਪੀੜਤ ਮਾਪੇ ਵੀ 40 ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿੱਚ ਹਨ। ਸੰਤ ਸੀਚੇਵਾਲ ਨੇ ਸਮਾਣਾ ਵਿੱਚ ਟਾਵਰ ਮੋਰਚਾ ਲਗਾਉਣ ਵਾਲੇ ਗੁਰਜੀਤ ਸਿੰਘ ਖਾਲਸਾ ਵੱਲੋਂ ਕੀਤੇ ਗਏ ਸੰਘਰਸ਼ ਨੂੰ ਵੀ ਪ੍ਰਣਾਮ ਕਰਦਿਆ ਸੰਘਰਸ਼ ਵਿੱਚ ਸ਼ਾਮਿਲ ਸੱਮੁਚੀ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਸੱਚਾ-ਸੁੱਚਾ ਗੁਰਸਿੱਖ ਹੀ ਅਜਿਹਾ ਸੰਘਰਸ਼ ਕਰ ਸਕਦਾ ਹੈ। ਇਸ ਨਾਲ ਸਰਕਾਰ ‘ਤੇ ਵੀ ਦਬਾਅ ਬਣਿਆ ਕਿਉਂਕਿ ਉਸਦਾ ਇਰਾਦਾ ਬੜਾ ਨੇਕ ਤੇ ਸ਼ਪੱਸ਼ਟ ਸੀ। ਜ਼ਿਕਰਯੋਗ ਹੈ ਕਿ 400 ਫੁੱਟ ਉਚੇ ਟਾਵਰ ‘ਤੇ ਗੁਰਜੀਤ ਸਿੰਘ ਖਾਲਸਾ ਵੱਲੋਂ ਡੇਢ ਸਾਲ ਤੋਂ ਧਰਨਾ ਲਾਇਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਫੜੇ ਜਾਣ ਵਾਲੇ ਕਥਿਤ ਮੁਲਜ਼ਮਾਂ ਨੂੰ ਮਾਨਸਿਕ ਰੋਗੀ ਦੱਸ ਕੇ ਉਨ੍ਹਾਂ ਦਾ ਬਚਾਅ ਕੀਤਾ ਜਾਂਦਾ ਸੀ। ਹੁਣ ਅਜਿਹੇ ਮੁਲਜ਼ਮਾਂ ਦੀ ਜਾਂਚ ਲਈ ਮਨੋਵਿਗਿਆਨਕ ਡਾਕਟਰਾਂ ਦਾ ਇਕ ਵਿਸ਼ੇਸ਼ ਬੋਰਡ ਬਣਾਇਆ ਜਾਵੇਗਾ। ਜੋ ਇਹ ਤੈਅ ਕਰੇਗਾ ਕਿ ਉਕਤ ਮੁਲਜ਼ਮ ਆਪਣੇ ਕੀਤੇ ਨਤੀਜੇ ਬਾਰੇ ਜਾਣਦਾ ਸੀ ਜਾਂ ਫਿਰ ਉਸ ਨੂੰ ਅਜਿਹਾ ਕਰਨ ਲਈ ਕਿਸੇ ਨੇ ਉਕਸਾਇਆ ਤਾਂ ਨਹੀਂ ਸੀ। ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਜਦੋਂ ਇਹ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਸੀ, ਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਧਾਰਮਿਕ ਆਗੂਆਂ ਦੇ ਨਾਲ ਪੰਜਾਬ ਵਿਧਾਨ ਸਭਾ ਦੀ ਰਾਜਪਾਲ ਗੈਲਰੀ ’ਚ ਬੈਠ ਕੇ ਇਸ ਇਤਿਹਾਸਕ ਪਲਾਂ ਦੇ ਚਸਮਦੀਦ ਗਵਾਹ ਬਣੇ ਸਨ। ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਲਾਜ਼ਮੀ ਬੇਅਦਬੀ ਹੋਣ ਦੀ ਸੂਰਤ ’ਚ ਕੋਈ ਵੀ ਅਣਅਧਿਕਾਰਤ ਵਿਅਕਤੀ ‘ਅੰਗਾਂ’ ਨੂੰ ਹੱਥ ਤੱਕ ਨਹੀਂ ਲਾ ਸਕੇਗਾ। ਸਬੂਤ ਇੱਕਠੇ ਕਰਨ ਤੋਂ ਪਹਿਲਾਂ ਉੱਚ ਗੁਣਵੱਤਾ ਵਾਲੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫੀ ਕਰਨੀ ਵੀ ਲਾਜ਼ਮੀ ਹੋਵੇਗੀ। ਇੰਟਰਨੈੱਟ ਰਾਹੀ ਹੋਣ ਵਾਲੀ ਬੇਅਦਬੀ ਲਈ ਵੀ ਜਾਂਚ ’ਚ ਇੱਕ ਵੱਖਰਾ ਹਿੱਸਾ ਜੋੜਿਆ ਗਿਆ ਹੈ। ਤਸਵੀਰਾਂ ਨਾਲ ਛੇੜਛਾੜ, ਨਕਲੀਪਰ ਅਸਲੀ ਲੱਗਣ ਵਾਲੀਆਂ ਵੀਡੀਓਜ਼ (ਡੀਪਫੇਕ), ਮੀਮਜ਼ ਰਾਹੀ ਕੀਤੀ ਗਈ ਬੇਅਦਬੀ ਤੇ ਵਟ੍ਹਸਐਪ, ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ‘ਤੇ ਪਾਈ ਗਈ ਸਮੱਗਰੀ ਨੂੰ ਹੁਣ ਬਹੁਤ ਹੀ ਗੰਭੀਰ ਅਪਰਾਧ ਮੰਨਿਆ ਜਾਵੇਗਾ।