ਤੰਦਰੁਸਤੀ ਦੇ ਨਾਲ ਅਨੁਸ਼ਾਸਨ ਸਿਖਾਉਂਦੀਆਂ ਨੇ ਖੇਡਾਂ : ਡਾ. ਧੀਰ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ’ਚ ਸਾਲਾਨਾ ਅਥਲੈਟਿਕ ਮੀਟ ਕਰਵਾਈ
Publish Date: Thu, 12 Mar 2026 06:24 PM (IST)
Updated Date: Thu, 12 Mar 2026 06:27 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ’ਚ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੋਗਰਾਮ ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਹੇਠ ਤੇ ਉਪ-ਕੁਲਪਤੀ ਪ੍ਰੋ. ਡਾ. ਵਿਜੈ ਧੀਰ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ) ਦੀ ਅਗਵਾਈ ’ਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ-ਗਾਇਨ ਨਾਲ ਹੋਈ। ਇਸ ਤੋਂ ਬਾਅਦ ਅਥਲੈਟਿਕ ਮੀਟ ਦੀ ਪ੍ਰਤੀਕਾਤਮਕ ਪਰੰਪਰਾ ਅਨੁਸਾਰ ਮਾਰਚ ਪਾਸਟ ਕਰਵਾਇਆ ਗਿਆ, ਜਿਸ ’ਚ ਯੂਨੀਵਰਸਿਟੀ ਦੇ ਐੱਨਸੀਸੀ ਕੈਡਿਟਾਂ ਤੇ ਵੱਖ-ਵੱਖ ਇੰਸਟੀਚਿਊਟਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਚਾਂਸਲਰ ਸੰਤ ਮਨਮੋਹਨ ਸਿੰਘ ਤੋਂ ਆਗਿਆ ਪ੍ਰਾਪਤ ਕਰਨ ਤੋਂ ਬਾਅਦ ਅਥਲੈਟਿਕ ਮੀਟ ਦਾ ਆਗਾਜ਼ ਕੀਤਾ ਗਿਆ। ਉਪ-ਕੁਲਪਤੀ ਪ੍ਰੋ. (ਡਾ.) ਵਿਜੈ ਧੀਰ ਨੇ ਆਪਣੇ ਸੰਬੋਧਨ ’ਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ ਤੇ ਆਤਮ-ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਮੀਟ ਦੌਰਾਨ 100 ਮੀਟਰ, 80 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ ਤੇ 3000 ਮੀਟਰ ਦੌੜਾਂ ਸਮੇਤ ਰਿਲੇ ਦੌੜਾਂ (4×100 ਮੀਟਰ ਤੇ 4×400 ਮੀਟਰ) ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਲੰਮੀ ਛਾਲ, ਗੋਲਾ ਸੁੱਟ, ਪਾਥੀ ਸੁੱਟ ਤੇ ਚਮਚ-ਨਿੰਬੂ ਦੌੜ ਵਰਗੀਆਂ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉੱਤਮ ਮਾਰਚ ਪਾਸਟ ਦਾ ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਨੇ ਜਿੱਤਿਆ। ਓਵਰਆਲ ਉੱਤਮ ਐਥਲੀਟ ਪ੍ਰੋਫੈਸ਼ਨਲ (ਲੜਕੇ) ਦਾ ਖਿਤਾਬ ਰਮਨਦੀਪ ਸਿੰਘ ਨੇ ਜਿੱਤਿਆ, ਜਦਕਿ ਨਾਨ-ਪ੍ਰੋਫੈਸ਼ਨਲ ਵਰਗ ’ਚ ਤਰੁਨ ਕੁਮਾਰ ਜੇਤੂ ਰਹੇ। ਲੜਕੀਆਂ ’ਚ ਓਵਰਆਲ ਉੱਤਮ ਐਥਲੀਟ ਪ੍ਰੋਫੈਸ਼ਨਲ ਦਾ ਖਿਤਾਬ ਸੋਨੀਆ ਤੇ ਨਾਨ-ਪ੍ਰੋਫੈਸ਼ਨਲ ਵਰਗ ਦਾ ਖਿਤਾਬ ਖੁਸ਼ੀ ਨੇ ਹਾਸਲ ਕੀਤਾ। ਇਸ ਮੌਕੇ ਸੰਤ ਸਰਵਣ ਸਿੰਘ, ਸੰਤ ਬਾਬਾ ਜਨਕ ਸਿੰਘ, ਸੁਨੀਲ ਵਤਸ, ਮਨਪ੍ਰੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਹਰਦੀਪ ਕੁਮਾਰ, ਡਾ. ਅਰਵਿੰਦ ਸਿੰਘ ਧੂਤ, ਡਾ. ਗੁਰਮਾਨਿਕ ਕੌਰ (ਡਿਪਟੀ ਡੀਨ ਅਕਾਦਮਿਕਸ), ਰੂਪ ਸਿੰਘ (ਡਿਪਟੀ ਰਜਿਸਟਰਾਰ), ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਤੇ ਹੋਰ ਮਾਣਯੋਗ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ’ਚ ਚਾਂਸਲਰ ਸੰਤ ਮਨਮੋਹਨ ਸਿੰਘ ਨੇ ਜੇਤੂ ਐਥਲੀਟਾਂ ਨੂੰ ਸਰਟੀਫਿਕੇਟ, ਮੈਡਲ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ। ਉਨ੍ਹਾਂ ਨੇ ਖੇਡਾਂ ਲਈ ਯੂਨੀਵਰਸਿਟੀ ’ਚ ਬਣਾਏ ਗਏ ਉਚਿਤ ਮਾਹੌਲ ਦੀ ਪ੍ਰਸ਼ੰਸਾ ਕਰਦਿਆਂ ਡਾ. ਅਮਰਜੀਤ ਸਿੰਘ (ਡਾਇਰੈਕਟਰ, ਖੇਡ ਵਿਭਾਗ ਤੇ ਐੱਚਓਡੀ ਸਰੀਰਕ ਸਿੱਖਿਆ ਵਿਭਾਗ) ਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਵੀ ਵਧਾਈ ਦਿੱਤੀ।