ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਅਣਮਿੱਥੇ ਸਮੇਂ ਲਈ ਧਰਨਾ, ਨਾਅਰੇਬਾਜ਼ੀ
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਸੰਗਤਾਂ ਵੱਲੋਂ ਧਰਨਾ, ਸਰਕਾਰ ਖ਼ਿਲਾਫ਼ ਨਾਰੇਬਾਜ਼ੀ
Publish Date: Thu, 08 Jan 2026 07:06 PM (IST)
Updated Date: Fri, 09 Jan 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਨਵਾਂਸ਼ਹਿਰ ਰੋਡ ਸਥਿਤ ਨਗਰ ਪਿੰਡ ’ਚ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਵਾਸੀਆਂ ਤੇ ਸੰਗਤ ’ਚ ਰੋਸ ਪਾਇਆ ਜਾ ਰਿਹਾ ਹੈ। ਰੋਹ ’ਚ ਆਏ ਲੋਕਾਂ ਨੇ ਵੀਰਵਾਰ ਨੂੰ ਸੜਕ ’ਤੇ ਧਰਨਾ ਲਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਇਸ ਸਮੱਸਿਆ ਕਾਰਨ ਲਗਪਗ ਡੇਢ ਮਹੀਨਾ ਪਹਿਲਾਂ ਇਕ ਔਰਤ ਦੀ ਟਿੱਪਰ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਫਿਲੌਰ ਖ਼ਿਲਾਫ਼ ਵਿਭਾਗੀ ਕਾਰਵਾਈ ਤੇ ਸਸਪੈਂਸ਼ਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਾਅਦ ’ਚ ਧਰਨਾ ਲਗਾਉਣ ਦੌਰਾਨ ਮੌਕੇ ’ਤੇ ਪਹੁੰਚੇ ਐੱਸਡੀਐੱਮ ਮੁਕੇਲਿਨ ਆਰ. ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪਾਣੀ ਦੀ ਨਿਕਾਸੀ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਨਿਕਾਸੀ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸੇ ਸੜਕ ’ਤੇ ਪੈਂਦੇ ਡੇਰਾ 108 ਸ੍ਰੀਮਾਨ ਸੰਤ ਮੇਲਾ ਰਾਮ ਜੀ ਮਹਾਰਾਜ, ਸੱਚਖੰਡ ਨਗਰ ਦੇ ਮੁੱਖ ਗੇਟ ਕੋਲ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਸੰਗਤ ’ਚ ਭਾਰੀ ਨਾਰਾਜ਼ਗੀ ਹੈ। ਬੇਗਮਪੁਰਾ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਸੁਖਦੇਵ ਕੁਮਾਰ ਨੇ ਕਿਹਾ ਕਿ ਮੁਹੱਲਾ ਵਾਸੀਆਂ ਤੇ ਸੰਗਤ ਵੱਲੋਂ ਫਿਲੌਰ–ਨਵਾਂਸ਼ਹਿਰ ਰੋਡ ਜਾਮ ਕਰ ਕੇ ਧਰਨਾ ਲਗਾਇਆ ਗਿਆ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਸ ਮੌਕੇ ਜਸਵੰਤ, ਮੋਨਾ ਪੰਚ, ਲਖਵਿੰਦਰ ਕੁਮਾਰ, ਡਾ. ਗੁਰਚਰਨ ਭਾਟੀਆ, ਰਣਦੀਪ ਕੁਮਾਰ ਛੋਕਰਾ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ’ਚ ਮੁਹੱਲਾ ਵਾਸੀ ਮੌਜੂਦ ਸਨ।