ਜਾਨੋਂ ਮਾਰਨ ਦੀਆਂ ਧਮਕੀਆਂ ਦੇ ਲਾਏ ਦੋਸ਼
ਸੰਦੀਪ ਕੌਰ ਨੇ ਭੂਆ ਦੇ ਪਰਿਵਾਰ ’ਤੇ ਲਗਾਏ ਗੰਭੀਰ ਦੋਸ਼, ਇਨਸਾਫ ਦੀ ਕੀਤੀ ਮੰਗ
Publish Date: Wed, 11 Mar 2026 09:26 PM (IST)
Updated Date: Wed, 11 Mar 2026 09:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਇੰਦਰਾ ਕਾਲੋਨੀ ਰਸੂਲਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਪਤਨੀ ਜੀਤਪਾਲ ਬਾਸੀ ਨੇ ਭੂਆ ਦੇ ਪਰਿਵਾਰ ’ਤੇ ਘਰ ’ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਮਾਮਲੇ ’ਚ ਇਨਸਾਫ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਦੀਪ ਕੌਰ ਨੇ ਦੱਸਿਆ ਕਿ ਉਸ ਦੀ ਭੂਆ ਦਾ ਪੁੱਤਰ ਗੁਰਵਿੰਦਰ ਸਿੰਘ ਉਰਫ ਗੱਗੀ ਪੁੱਤਰ ਪ੍ਰਤੀਮ ਸਿੰਘ ਵਾਸੀ ਬੇਗਮਪੁਰ ਆਪਣੀ ਮਾਤਾ ਸਮੇਤ ਕੁੱਲ ਪੰਜ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ਆਇਆ ਤੇ ਘਰ ’ਚ ਦਾਖਲ ਹੋ ਕੇ ਉਸਦੀ, ਉਸ ਦੀ ਭੈਣ ਤੇ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਸੰਦੀਪ ਕੌਰ ਨੇ ਦੱਸਿਆ ਕਿ ਹਮਲੇ ਦੌਰਾਨ ਲੱਗੀਆਂ ਸੱਟਾਂ ਕਾਰਨ ਉਹ ਤੇ ਉਸ ਦੀ ਭੈਣ 7 ਮਾਰਚ ਤੋਂ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਹਨ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਗੁਰਵਿੰਦਰ ਸਿੰਘ ਉਰਫ ਗੈਰੀ ਵਾਸੀ ਬੇਗਮਪੁਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸੰਦੀਪ ਕੌਰ ਦੇ ਪਿੰਡ ਗਏ ਸਨ, ਜਿੱਥੇ ਉਨ੍ਹਾਂ ਦੀ ਮਾਤਾ ਨਾਲ ਝਗੜਾ ਸ਼ੁਰੂ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਫਿਲੌਰ ’ਚ ਦਿੱਤੀ ਗਈ ਹੈ ਤੇ ਝਗੜੇ ਦੌਰਾਨ ਹੀ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਥਾਣਾ ਫਿਲੌਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।