ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਧਮਕੀ ਦੇਣ ਵਾਲਾ ਅਹਿਮਦਾਬਾਦ ਤੋਂ ਗ੍ਰਿਫਤਾਰ
ਮੋਬਾਈਲ ’ਤੇ ਲਗਾਤਾਰ ਆ
Publish Date: Fri, 17 Apr 2026 08:37 PM (IST)
Updated Date: Fri, 17 Apr 2026 08:39 PM (IST)
ਮੋਬਾਈਲ ’ਤੇ ਲਗਾਤਾਰ ਆ ਰਹੀਆਂ ਅਨਜਾਨ ਕਾਲਾਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ
ਜਾਸੰ, ਮੁੰਗੇਰ : ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਮੁੰਗੇਰ ਪੁਲਿਸ ਨੇ 48 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਸਾਨੰਦ ਥਾਣਾ ਖੇਤਰ ਤੋਂ ਗ੍ਰਿਫਤਾਰ ਕਰ ਲਿਆ। ਸ਼ੁੱਕਰਵਾਰ ਨੂੰ ਐੱਸਪੀ ਸਈਅਦ ਇਮਰਾਨ ਮਸੂਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਅਪ੍ਰੈਲ ਨੂੰ ਸੰਗ੍ਰਾਮਪੁਰ ਥਾਣੇ ਦੀ ਪੁਲਿਸ ਨੂੰ ਇਕ ਆਡੀਓ ਕਲਿਪ ਮਿਲੀ। ਇਸ ’ਚ ਇਕ ਵਿਅਕਤੀ ਮੁੱਖ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਕਾਲ ਡਿਟੇਲ ਰਿਕਾਰਡ (ਸੀਡੀਆਰ) ਖੰਘਾਲਨ ਤੋਂ ਬਾਅਦ ਮੁਲਜ਼ਮ ਦੀ ਪਛਾਣ ਬਾਂਕਾ ਜ਼ਿਲ੍ਹੇ ਦੇ ਨਿਵਾਸ ਸ਼ੇਖਰ ਯਾਦਵ ਦੇ ਰੂਪ ’ਚ ਹੋਈ। ਉਸ ਦੇ ਵਿਰੁੱਧ ਨਾਮਜ਼ਦ ਸ਼ਿਕਾਇਤ ਦਰਜ ਕੀਤੀ ਗਈ।
ਪੁਲਿਸ ਟੀਮ ਜਦ ਮੁਲਜ਼ਮ ਦੇ ਪਿੰਡ ਪਹੁੰਚੀ ਤਾਂ ਪਤਾ ਲੱਗਾ ਕਿ ਸ਼ੇਖਰ ਪਿਛਲੇ ਲਗਪਗ ਡੇਢ ਸਾਲ ਤੋਂ ਘਰ ਨਹੀਂ ਆਇਆ। ਉਹ ਅਹਿਮਦਾਬਾਦ ’ਚ ਰਹਿ ਕੇ ਟਰੱਕ ਚਲਾਉਂਦਾ ਹੈ। ਸੂਚਨਾ ਦੇ ਆਧਾਰ ’ਤੇ ਸੰਗ੍ਰਾਮਪੁਰ ਥਾਣਾ ਮੁਖੀ ਵਿਨੋਦ ਕੁਮਾਰ ਝਾ ਦੀ ਅਗਵਾਈ ’ਚ ਪੁਲਿਸ ਟੀਮ ਅਹਿਮਦਾਬਾਦ ਗਈ ਤੇ ਸਥਾਨਕ ਪੁਲਿਸ ਨਾਲ ਤਾਲਮੇਲ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਕਹਿਣਾ ਹੈ ਕਿ ਬੀਤੀ 14 ਅਪ੍ਰੈਲ ਨੂੰ ਇਕ ਅਨਜਾਨ ਵਿਅਕਤੀ ਲਗਾਤਾਰ ਉਸ ਨੂੰ ਫੋਨ ਕਰ ਰਿਹਾ ਸੀ, ਜਿਸ ਨਾਲ ਉਹ ਪਰੇਸ਼ਾਨ ਹੋ ਗਿਆ ਤੇ ਗੁੱਸੇ ’ਚ ਆ ਕੇ ਉਸ ਨੇ ਸਮਰਾਟ ਚੌਧਰੀ ਨੂੰ ਧਮਕੀ ਦੇ ਦਿੱਤੀ। ਪੁਲਿਸ ਉਸ ਨੂੰ ਅਹਿਮਦਾਬਾਦ ਤੋਂ ਮੁੰਗੇਰ ਲਿਆ ਕੇ ਅਦਾਲਤ ’ਚ ਪੇਸ਼ ਕਰੇਗੀ। ਲੋੜ ਪੈਣ ’ਤੇ ਰਿਮਾਂਡ ’ਤੇ ਲੈ ਕੇ ਵੀ ਪੁੱਛਿਗੱਛ ਕਰੇਗੀ।