ਆਦਮਪੁਰ ਦੇ ਘਰਾਂ ’ਚ ਵੜਿਆ ਸਾਂਬਰ, ਟੀਮ ਨੇ ਕੀਤਾ ਕਾਬੂ
ਆਦਮਪੁਰ ਵਿਖੇ ਦਿਨ ਚੜ੍ਹਦਿਆਂ ਹੀ ਸਾਂਬਰ ਵੜਿਆ ਘਰ ਅੰਦਰ ਰੈਸਕੀਉ ਕਰ ਕੀਤਾ ਸੁਰੱਖਿਅਤ
Publish Date: Thu, 08 Jan 2026 06:56 PM (IST)
Updated Date: Thu, 08 Jan 2026 06:57 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਰੇਲਵੇ ਰੋਡ ਸਥਿਤ ਰਿਹਾਇਸ਼ੀ ਖੇਤਰ ’ਚ ਵੀਰਵਾਰ ਸਵੇਰੇ ਇਕ ਸਾਂਬਰ ਦਾਖਲ ਹੋ ਗਿਆ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦੀ ਭੀੜ ਦੇਖ ਕੇ ਸਾਂਬਰ ਪਹਿਲਾਂ ਇਕ ਖਾਲੀ ਦੁਕਾਨ ਤੇ ਫਿਰ ਇਕ ਘਰ ’ਚ ਵੜ ਗਿਆ। ਘਟਨਾ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਤੇ ਆਦਮਪੁਰ ਗਊਸ਼ਾਲਾ ਟੀਮ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਨੇ ਪੁਲਿਸ, ਗਊਸ਼ਾਲਾ ਟੀਮ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਸਾਂਬਰ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰ ਲਿਆ। ਇਲਾਕਾ ਵਾਸੀ ਰਿਸ਼ੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਉਸ ਨੇ ਕੁੱਤਿਆਂ ਵੱਲੋਂ ਭਜਾਇਆ ਜਾ ਰਿਹਾ ਸਾਂਬਰ ਗਲੀ ’ਚ ਦੌੜਦਾ ਦੇਖਿਆ। ਸਾਂਬਰ ਆਪਣੇ-ਆਪ ਨੂੰ ਬਚਾਉਣ ਲਈ ਦੁਕਾਨਾਂ ਤੇ ਘਰਾਂ ’ਚ ਵੜ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਗਊਸ਼ਾਲਾ ਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਂਬਰ ਸ਼ਾਂਤ ਸੁਭਾਅ ਦਾ ਜਾਨਵਰ ਹੈ ਤੇ ਆਮ ਤੌਰ ’ਤੇ ਹਮਲਾ ਨਹੀਂ ਕਰਦਾ। ਉਸ ਦਾ ਮੁੱਢਲਾ ਇਲਾਜ ਕਰਨ ਉਪਰਾਂਤ ਇਸ ਨੂੰ ਹੁਸ਼ਿਆਰਪੁਰ ਦੇ ਜੰਗਲਾਤ ਖੇਤਰ ’ਚ ਛੱਡਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਸਥਿਤੀ ’ਚ ਘਬਰਾਉਣ ਦੀ ਬਜਾਏ ਜਾਨਵਰ ਤੋਂ ਦੂਰੀ ਬਣਾਈ ਰੱਖਣ ਤੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕਰਨ।