ਐੱਚਐੱਮਵੀ ’ਚ ਤਕਨੀਕ ਨੂੰ ਪ੍ਰਭਾਵਸ਼ਾਲੀ ਢੰਗ ਵਰਤਣ ਬਾਰੇ ਦੱਸਿਆ
ਐੱਚਐੱਮਵੀ ਵਿਖੇ ਸਕਸ਼ਮ ਪੰਜਾਬ ਵੱਲੋਂ ਦਿਵਿਆਂਗ ਵਿਦਿਆਰਥੀਆਂ ਲਈ ਮੋਬਾਇਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
Publish Date: Mon, 19 Jan 2026 06:56 PM (IST)
Updated Date: Mon, 19 Jan 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਸਕਸ਼ਮ ਪੰਜਾਬ ਵੱਲੋਂ ਦਿਵਿਆਂਗ ਵਿਦਿਆਰਥੀਆਂ ਲਈ ਮੋਬਾਈਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦਿਵਿਆਂਗ ਵਿਦਿਆਰਥੀਆਂ ’ਚ ਡਿਜੀਟਲ ਪਹੁੰਚ ਤੇ ਮੋਬਾਈਲ ਫੋਨ ਦੀ ਸੁਤੰਤਰ ਵਰਤੋਂ ਨਾਲ ਸੰਬੰਧਿਤ ਹੁਨਰਾਂ ਨੂੰ ਵਿਕਸਿਤ ਕਰਨਾ ਸੀ। ਇਸ ਪਹਿਲ ਦੇ ਅੰਤਰਗਤ ਵਿਦਿਆਰਥੀਆਂ ਨੂੰ ਘੱਟ ਦਰਾਂ ਤੇ ਬਲੂਟੂਥ ਕੀ-ਬੋਰਡ ਸਮੇਤ ਮੋਬਾਈਲ ਫੋਨ ਪ੍ਰਦਾਨ ਕੀਤੇ ਗਏ ਤੇ ਉਨ੍ਹਾਂ ਨੂੰ ਪ੍ਰੈਕਟਿਕਲ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਤਾਂ ਜੋ ਉਹ ਸੰਚਾਰ, ਸਿੱਖਿਆ ਤੇ ਰੋਜ਼ਾਨਾ ਦੀਆਂ ਡਿਜੀਟਲ ਲੋੜਾਂ ਲਈ ਮੋਬਾਈਲ ਫੋਨ ਦੀ ਸਹੀ ਵਰਤੋਂ ਕਰ ਸਕਣ। ਦੂਸਰੇ ਸ਼ਹਿਰਾਂ ਤੋਂ ਆਏ ਵਿਦਿਆਰਥੀਆਂ ਲਈ ਡੇਰਾ ਪ੍ਰੀਤਮ ਭਵਨ ਗੋਪਾਲ ਨਗਰ, ਜਲੰਧਰ ਵਿਖੇ ਰਹਿਣ ਦੀ ਵਿਵਸਥਾ ਕੀਤੀ ਗਈ। ਟ੍ਰੇਨਿੰਗ ਸੈਸ਼ਨ ਐੱਚਐੱਮਵੀ ਜਲੰਧਰ ਦੀ ਵਾਈ-ਫਾਈ ਸੁਵਿਧਾ ਨਾਲ ਟ੍ਰੇਨਿੰਗ ਲੈਬ ’ਚ ਕਰਵਾਏ ਗਏ। ਇਸ ਪ੍ਰੋਗਰਾਮ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਮੋਬਾਈਲ ਡਿਵਾਇਸ ਵੰਡੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮਨਿਰਭਰਤਾ ਤੇ ਵਿਕਾਸ ਲਈ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਸੰਗੀਤ ਵਿਭਾਗ ਮੁਖੀ ਡਾ. ਪ੍ਰੇਮ ਸਾਗਰ ਤੇ ਸਾਈਕੋਲੋਜੀ ਵਿਭਾਗ ਮੁਖੀ ਡਾ. ਆਸ਼ਮੀਨ ਕੌਰ ਵੀ ਮੌਜੂਦ ਰਹੇ। ਇਸ ਮੌਕੇ ਸਕਸ਼ਮ ਪੰਜਾਬ ਨੇ ਇਸ ਪ੍ਰੋਗਰਾਮ ਲਈ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦਾ ਧੰਨਵਾਦ ਕੀਤਾ।