ਯਾਦਗਾਰੀ ਹੋ ਨਿੱਬੜਿਆ ਸਾਦਿਕਪੁਰ ਦਾ ਸਾਲਾਨਾ ਛਿੰਝ ਮੇਲਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Mon, 23 Feb 2026 08:40 PM (IST)
Updated Date: Mon, 23 Feb 2026 08:43 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਸਾਦਿਕਪੁਰ ਵਿਖੇ ਸਰਪੰਚ ਬੂਟਾ ਸਿੰਘ, ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਛਿੰਝ ਮੇਲੇ ਦਾ ਉਦਘਾਟਨ ਪਹਿਲਵਾਨ ਜੋਗਿੰਦਰ ਸਿੰਘ ਅਤੇ ਪੁਰਾਣੇ ਵਾਲੀਬਾਲ ਖਿਡਾਰੀ ਕੁਲਦੀਪ ਸਿੰਘ ਜਰਮਨ ਨੇ ਸਮੂਹ ਪੰਚਾਇਤ ਨਾਲ ਮਿਲ ਕੇ ਕੀਤਾ। ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਅੱਧੀ ਦਰਜਨ ਪਹਿਲਵਾਨਾਂ ਨੇ ਆਪਣੀ ਸਰੀਰਕ ਤਾਕਤ ਅਤੇ ਕੁਸ਼ਤੀ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਮੇਲੇ ਦਾ ਮੁੱਖ ਖਿੱਚ ਦਾ ਕੇਂਦਰ ਪਟਕੇ ਦੀ ਕੁਸ਼ਤੀ ਰਹੀ, ਜਿਸ ਵਿਚ ਗੁਰਨਾਮ ਮਾਛੀਵਾੜਾ ਅਤੇ ਮੁਕੇਸ਼ ਕੁਰਾਲੀ ਦਰਮਿਆਨ ਫਸਵਾਂ ਮੁਕਾਬਲਾ ਹੋਇਆ। ਅਖੀਰ ਵਿਚ ਮੁਕੇਸ਼ ਕੁਰਾਲੀ ਨੇ ਆਪਣੇ ਵਿਰੋਧੀ ਨੂੰ ਚਿੱਤ ਕਰਕੇ ਪਟਕੇ ਦੀ ਜਿੱਤ ਆਪਣੇ ਨਾਮ ਕੀਤੀ। ਇਸੇ ਤਰ੍ਹਾਂ ਦੋ ਨੰਬਰ ਦੀ ਕੁਸ਼ਤੀ ਅਕਾਸ਼ ਸ਼ਾਹਕੋਟ ਅਤੇ ਗਿੰਦਾ ਗਾਂਧਰਾ ਵਿਚਕਾਰ ਹੋਈ। ਦੋਵਾਂ ਪਹਿਲਵਾਨਾਂ ਨੇ ਇੱਕ-ਦੂਜੇ ਨੂੰ ਮਾਤ ਦੇਣ ਲਈ ਪੂਰੀ ਵਾਹ ਲਾਈ, ਪਰ ਲੰਮੇ ਸਮੇਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਕੋਈ ਵੀ ਨਤੀਜਾ ਨਾ ਨਿਕਲ ਸਕਿਆ, ਜਿਸ ਕਾਰਨ ਪ੍ਰਬੰਧਕਾਂ ਵੱਲੋਂ ਇਹ ਕੁਸ਼ਤੀ ਬਰਾਬਰ ਛੁਡਵਾਈ ਗਈ। ਮੇਲੇ ਦੇ ਪਹਿਲੇ ਪੜਾਅ ਵਿਚ ਲਾਗਲੇ ਪਿੰਡਾਂ ਦੇ ਉਭਰਦੇ ਖਿਡਾਰੀਆਂ ਦੇ ਸ਼ੌਅ ਮੈਚ ਕਰਵਾਏ ਗਏ। ਪ੍ਰਬੰਧਕਾਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਸਟੇਜ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੋਢੀ ਟਿੱਬੇ ਵਾਲਾ ਅਤੇ ਮੰਗਾ ਸਹੋਤਾ ਨੇ ਨਿਭਾਈ। ਇਸ ਮੌਕੇ ਸਰਪੰਚ ਬੂਟਾ ਸਿੰਘ, ਮਹਿੰਦਰ ਸਿੰਘ ਰਿੰਕੂ, ਸੁਰਿੰਦਰ ਕੌਰ, ਲਵਪ੍ਰੀਤ ਸਿੰਘ, ਮੰਗਲਪ੍ਰੀਤ ਸਿੰਘ ਜਾਮਾ, ਸੇਵਾ ਸਿੰਘ (ਸਾਰੇ ਪੰਚ), ਗੁਰਨਾਮ ਸਿੰਘ ਨਿਧੜਕ, ਬਲਬੀਰ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ ਸਾਬਕਾ ਮੈਂਬਰ, ਪ੍ਰੀਤਮ ਸਿੰਘ ਪੀਤੂ, ਰਜਿੰਦਰ ਸਿੰਘ, ਬਾਬਾ ਕਰਮ ਸਿੰਘ, ਰਾਣਾ ਪਹਿਲਵਾਨ, ਮਨਿੰਦਰ ਸਿੰਘ ਮੌਜੀ, ਬਲਵਿੰਦਰ ਸਿੰਘ ਸੰਘੇੜਾ ਆਦਿ ਹਾਜ਼ਰ ਸਨ।