ਸਾਧੂ ਸਿੰਘ ਹਮਦਰਦ ਦੀ ਜੀਵਨ ਸਾਥਣ ਬੀਬੀ ਪ੍ਰਕਾਸ਼ ਕੌਰ ਦਾ ਦੇਹਾਂਤ, ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਦਿੱਤੀ ਅੰਤਿਮ ਵਿਦਾਈ
ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਮਰਹੂਮ ਡਾ. ਸਾਧੂ ਸਿੰਘ ਹਮਦਰਦ ਦੀ ਜੀਵਨ ਸਾਥਣ ਬੀਬੀ ਪ੍ਰਕਾਸ਼ ਕੌਰ (83) ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਤੇ ਉਨ੍ਹਾਂ ਨੇ ਨਿੱਜੀ ਹਸਪਤਾਲ ’ਚ ਆਖ਼ਰੀ ਸਾਹ ਲਿਆ।
Publish Date: Thu, 01 Jan 2026 10:42 PM (IST)
Updated Date: Thu, 01 Jan 2026 10:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਮਰਹੂਮ ਡਾ. ਸਾਧੂ ਸਿੰਘ ਹਮਦਰਦ ਦੀ ਜੀਵਨ ਸਾਥਣ ਬੀਬੀ ਪ੍ਰਕਾਸ਼ ਕੌਰ (83) ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਤੇ ਉਨ੍ਹਾਂ ਨੇ ਨਿੱਜੀ ਹਸਪਤਾਲ ’ਚ ਆਖ਼ਰੀ ਸਾਹ ਲਿਆ। ਬੀਬੀ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਤੇ ਦੁਸ਼ਾਲੇ ਚੜ੍ਹਾ ਕੇ ਵਿਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ।
ਦੱਸਣਯੋਗ ਹੈ ਕਿ ਬੀਬੀ ਪ੍ਰਕਾਸ਼ ਕੌਰ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵਿੱਦਿਅਕ ਖੇਤਰ ਤੋਂ ਕੀਤੀ ਸੀ ਤੇ ਸਾਲ 1977 'ਚ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਸਾਥੀ ਬਣੇ। ਉਹ ਉਮਰ ਭਰ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ।
ਇਸ ਤੋਂ ਇਲਾਵਾ ਉਹ ਸਾਹਿਤਕ ਖੇਤਰ ’ਚ ਵੀ ਲਗਾਤਾਰ ਸਰਗਰਮ ਰਹੇ ਤੇ ਉਨ੍ਹਾਂ ਨੇ ਅਨੇਕਾਂ ਰਚਨਾਵਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਬੀਬੀ ਪ੍ਰਕਾਸ਼ ਕੌਰ ਦੇ ਅੰਤਿਮ ਸੰਸਕਾਰ ਮੌਕੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਐੱਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ, ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰਪਾਲ ਸਿੰਘ ਗਵਾਲੀਅਰ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਕੌਰ ਹਮਦਰਦ ਤੇ ਗੁਰਜੋਤ ਕੌਰ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਬੀਬੀ ਪ੍ਰਕਾਸ਼ ਕੌਰ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਤੇ ਅੰਤਿਮ ਅਰਦਾਸ 6 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ।