ਰੂਸ ਤੇ ਯੁਕ੍ਰੇਨ ਨੇ ਇਕ-ਦੂਜੇ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ
ਯੂਕ੍ਰੇਨ ਦੇ 3,80,000 ਖ਼ਪਤਕਾਰਾਂ
Publish Date: Sat, 18 Apr 2026 08:42 PM (IST)
Updated Date: Sat, 18 Apr 2026 08:45 PM (IST)
ਯੂਕ੍ਰੇਨ ਦੇ 3,80,000 ਖ਼ਪਤਕਾਰਾਂ ਦੀ ਬਿਜਲੀ ਗੁਲ ਹੋਈ
ਦੋਵਾਂ ਦੇਸ਼ਾਂ ਨੇ ਇਕ ਦੂਜੇ ਦੀਆਂ ਬੰਦਰਗਾਹਾਂ ’ਤੇ ਬੰਬ ਸੁੱਟੇ
ਕੀਵ, ਰਾਇਟਰ : ਰੂਸ ਤੇ ਯੂਕ੍ਰੇਨ ਨੇ ਇਕ-ਦੂਜੇ ਦੇ ਬੰਦਰਗਾਹ ਤੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ। ਰੂਸੀ ਹਮਲਿਆਂ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਯੂਕ੍ਰੇਨ ਦੇ ਦੱਖਣੀ ਓਡੇਸਾ ਖੇਤਰ ’ਚ ਬੰਦਰਗਾਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਇਆ ਤੇ ਦੇਸ਼ ਦੇ ਉੱਤਰੀ ਹਿੱਸੇ ’ਚ 3,80,000 ਖ਼ਪਤਕਾਰਾਂ ਦੀ ਬਿਜਲੀ ਗੁਲ ਕਰ ਦਿੱਤੀ। ਓਡੇਸਾ ਦੇ ਖੇਤਰੀ ਗਵਰਨਰ ਓਲੇਹ ਕਿਪਰ ਨੇ ਦੱਸਿਆ ਕਿ ਡ੍ਰੋਨ ਹਮਲਿਆਂ ’ਚ ਖੇਤੀ ਗੋਦਾਮਾਂ, ਡਿਪੂਆਂ ਤੇ ਪ੍ਰਸ਼ਾਸਨਿਕ ਭਵਨਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਕ ਨਾਗਰਿਕ ਦੀ ਮੌਤ ਹੋ ਗਈ ਹੈ ਤੇ 26 ਹੋਰ ਜ਼ਖ਼ਮੀ ਹੋ ਗਏ ਹਨ। ਖੇਤਰੀ ਬਿਜਲੀ ਵੰਡ ਆਪ੍ਰੇਟਰ ਨੇ ਦੱਸਿਆ ਕਿ ਰੂਸੀ ਫੌਜ ਨੇ ਯੂਕ੍ਰੇਨ ਦੇ ਉੱਤਰੀ ਚੇਨਿਰਹਿਵ ਖੇਤਰ ’ਚ ਇਕ ਊਰਜਾ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ। ਯੂਕ੍ਰੇਨ ਦੀ ਹਵਾਈ ਫੌਜ ਅਨੁਸਾਰ ਰੂਸ ਨੇ ਪੂਰੀ ਰਾਤ ’ਚ 219 ਲੰਬੀ ਦੂਰੀ ਦੇ ਡ੍ਰੋਨ ਦਾਗੇ।
ਉੱਧਰ ਯੂਕ੍ਰੇਨੀ ਡ੍ਰੋਨਾਂ ਨੇ ਪੂਰੀ ਰਾਤ ਰੂਸ ਦੀਆਂ ਕੁਝ ਤੇਲ ਸਹੂਲਤਾਂ ’ਤੇ ਹਮਲਾ ਕੀਤਾ, ਜਿਨ੍ਹਾਂ ’ਚ ਸਮਾਰਾ ਖੇਤਰ ਦੀਆਂ ਦੋ ਰਿਫਾਈਨਰੀਆਂ ਤੇ ਬਾਲਟਿਕ ਸਾਗਰ ਦਾ ਇਕ ਬੰਦਰਗਾਹ ਸ਼ਾਮਲ ਹੈ, ਜੋ ਪੈਟ੍ਰੋਲੀਅਮ ਉਤਪਾਦਾਂ ਦੀ ਬਰਾਮਦ ਕਰਦਾ ਹੈ। ਵਾਯਸੋਟਸਕ ਬੰਦਰਗਾਹ ’ਤੇ ਲੱਗੀ ਅੱਗ ਬੁਝਾ ਦਿੱਤੀ ਗਈ ਹੈ। ਯੂਕ੍ਰੇਨ ਦੇ ਡ੍ਰੋਨ ਦਸਤਿਆਂ ਦੇ ਕਮਾਂਡਰ ਰਾਬਰਟ ਬ੍ਰੋਵਡੀ ਨੇ ਬੰਦਰਗਾਹ ’ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਫੌਜ ਨੇ ਸਮਾਰਾ ਦੇ ਨੋਵੋਕੁਈਬਿਸ਼ੇਵਸਕ ਤੇ ਸਿਜਰਾਨ ਸ਼ਹਿਰਾਂ ’ਚ ਸਥਿਤ ਤੇਲ ਰਿਫਾਈਨਰੀਆਂ ’ਤੇ ਵੀ ਹਮਲਾ ਕੀਤਾ। ਬ੍ਰੋਵਡੀ ਨੇ ਪਾਬੰਦੀਸ਼ੁਦਾ ਰੂਸੀ ਤੇਲ ਨੂੰ ਖਰੀਦਣ ਦੀ ਇਜਾਜ਼ਤ ਦੇਣ ਵਾਲੀ ਛੂਟ ਨੂੰ ਨਵੀਨੀਕਰਨ ਕਰਨ ਦੇ ਅਮਰੀਕੀ ਫੈਸਲੇ ਦੀ ਆਲੋਚਨਾ ਕੀਤੀ। ਨਾਲ ਹੀ ਵਿਅੰਗ ਭਰੇ ਲਹਿਜ਼ੇ ’ਚ ਲਿਖਿਆ,‘ਰੂਸੀ ਤੇਲ ਨੂੰ ਫਿਰ ਤੋਂ ਮਹਾਨ ਬਣਾਓ’।