12 ਦੀ ਹੜਤਾਲ ਨੂੰ ਸਫਲ ਬਣਾਉਣ ਦੀ ਬਣਾਈ ਰਣਨੀਤੀ
ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ 12 ਫਰਵਰੀ ਦੀ ਆਮ ਹੜਤਾਲ ਨੂੰ ਸਫਲ ਬਣਾਉਣ ਦੀ ਰਣਨੀਤੀ
Publish Date: Tue, 10 Feb 2026 08:25 PM (IST)
Updated Date: Tue, 10 Feb 2026 08:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : 12 ਫਰਵਰੀ ਨੂੰ ਹੋਣ ਵਾਲੀ ਆਮ ਹੜਤਾਲ ਨੂੰ ਸਫਲ ਬਣਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਮਹਿਤਪੁਰ ’ਚ ਕਰਵਾਈ। ਇਸ ’ਚ ਵੱਖ-ਵੱਖ ਪਿੰਡਾਂ ਤੋਂ ਆਏ ਮਨਰੇਗਾ ਵਰਕਰ, ਉਸਾਰੀ ਮਜ਼ਦੂਰ, ਖੇਤ ਮਜ਼ਦੂਰ, ਸਫਾਈ ਮਜ਼ਦੂਰ, ਆਸ਼ਾ ਵਰਕਰ ਤੇ ਸੰਤੀ ਕਾਮੀਆ ਆਗੂਆਂ ਨੇ ਹਿੱਸਾ ਲਿਆ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਥਾਨਕ ਮੁੱਦਿਆਂ ਨੂੰ ਰਾਸ਼ਟਰੀ ਮਸਲਿਆਂ ਨਾਲ ਜੋੜ ਕੇ ਦੇਸ਼ ਪੱਧਰ ’ਤੇ ਕੀਤੀ ਜਾ ਰਹੀ ਹੜਤਾਲ ’ਚ ਪੇਂਡੂ ਕਾਮੇ ਨੂੰ ਆਪਣਾ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਵੱਡੇ ਪੱਧਰ ’ਤੇ ਲਾਏ ਜਾ ਰਹੇ ਪ੍ਰੀ-ਪੇਡ ਮੀਟਰ ਘੱਟ ਤਨਖਾਹ ਵਾਲੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨਗੇ। ਮਜ਼ਦੂਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਵੱਡੇ ਪੱਧਰ ’ਤੇ ਕੱਟੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰ ਜਥੇਬੰਦਕ ਵਿਰੋਧ ਕਰ ਰਹੇ ਹਨ। ਮੀਟਿੰਗ ’ਚ ਯੂਨੀਅਨ ਦੇ ਆਗੂ ਕਸ਼ਮੀਰ ਮੰਡਿਆਲਾ, ਵਿਜੇ ਬਾਠ, ਬਖ਼ਸ਼ੋ ਰਾਣੀ, ਹਰਵਿੰਦਰ ਕੌਰ, ਸੋਮਾ ਰਾਣੀ, ਬਖ਼ਸ਼ੋ ਮੰਡਿਆਲਾ ਤੇ ਜਸਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਹੜਤਾਲ ’ਚ ਪੂਰੀ ਤਰ੍ਹਾਂ ਸ਼ਾਮਲ ਹੋਣ ਤੇ ਆਪਣੇ ਹੱਕਾਂ ਲਈ ਜਥੇਬੰਦਕ ਰੂਪ ’ਚ ਲੜਨ ਦਾ ਸੱਦਾ ਦਿੱਤਾ। ਉਪਰੰਤ ਯੂਨੀਅਨ ਆਗੂਆਂ ਨੇ ਸਰਕਾਰ ਦੀ ਨੀਤੀਆਂ ਤੇ ਬਿਜਲੀ ਬਿੱਲਾਂ ਦੀ ਵਾਧੂ ਲਾਗਤ ਦੇ ਵਿਰੋਧ ’ਚ ਜਾਗਰੂਕਤਾ ਵਧਾਉਣ ਤੇ ਮਜ਼ਦੂਰਾਂ ਨੂੰ ਕਾਨੂੰਨੀ ਹੱਕਾਂ ਲਈ ਇਕਜੁਟ ਹੋਣ ਦਾ ਸੰਦੇਸ਼ ਦਿੱਤਾ।