ਫਿਲੌਰ ਦੇ ਸਿਵਲ ਹਸਪਤਾਲ 'ਚ ਹੰਗਾਮਾ: ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਟਾਫ਼ 'ਤੇ ਲਾਏ ਲਾਪ੍ਰਵਾਹੀ ਦੇ ਗੰਭੀਰ ਇਲਜ਼ਾਮ
ਸਿਵਲ ਹਸਪਤਾਲ ਫਿਲੌਰ ਉਸ ਵੇਲੇ ਅਖਾੜਾ ਬਣ ਗਿਆ ਜਦੋਂ ਇੱਥੇ ਜ਼ੇਰੇ ਇਲਾਜ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਸਟਾਫ਼ 'ਤੇ ਇਲਾਜ ਵਿੱਚ ਘੋਰ ਅਣਗਹਿਲੀ ਅਤੇ ਗਲਤ ਟੀਕਾ ਲਗਾਉਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਹਸਪਤਾਲ ਵਿੱਚ ਭੰਨ-ਤੋੜ ਕੀਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
Publish Date: Thu, 05 Mar 2026 01:28 PM (IST)
Updated Date: Thu, 05 Mar 2026 01:30 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਿਵਲ ਹਸਪਤਾਲ ਫਿਲੌਰ ਉਸ ਵੇਲੇ ਅਖਾੜਾ ਬਣ ਗਿਆ ਜਦੋਂ ਇੱਥੇ ਜ਼ੇਰੇ ਇਲਾਜ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਸਟਾਫ਼ 'ਤੇ ਇਲਾਜ ਵਿੱਚ ਘੋਰ ਅਣਗਹਿਲੀ ਅਤੇ ਗਲਤ ਟੀਕਾ ਲਗਾਉਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਹਸਪਤਾਲ ਵਿੱਚ ਭੰਨ-ਤੋੜ ਕੀਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
ਕਬੂਤਰ ਉਡਾਉਂਦੇ ਸਮੇਂ ਵਾਪਰਿਆ ਸੀ ਹਾਦਸਾ
ਮ੍ਰਿਤਕ ਦੇ ਭਰਾ ਰਿਸ਼ੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਕਾਸ ਉਰਫ ਵਿੱਕੀ ਸਵੇਰੇ ਆਪਣੇ ਘਰ ਦੀ ਤੀਜੀ ਮੰਜ਼ਿਲ 'ਤੇ ਕਬੂਤਰ ਉਡਾ ਰਿਹਾ ਸੀ। ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਪਰਿਵਾਰ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਪਰਿਵਾਰ ਅਨੁਸਾਰ ਵਿੱਕੀ ਹੋਸ਼ ਵਿੱਚ ਸੀ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਸੀ।
'ਟੀਕਾ ਲੱਗਦੇ ਹੀ ਤੜਫ ਕੇ ਨਿਕਲੀ ਜਾਨ'
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਦੇ ਸਟਾਫ਼ ਨੇ ਵਿੱਕੀ ਨੂੰ ਕੋਈ ਅਜਿਹਾ ਟੀਕਾ ਲਗਾਇਆ, ਜਿਸ ਤੋਂ ਤੁਰੰਤ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਨੰਗਲ, ਪਰਸੋਤਮ ਕਤਪਾਲੋਂ ਅਤੇ ਮਾਸਟਰ ਹੰਸ ਰਾਜ ਦੀ ਅਗਵਾਈ ਵਿੱਚ ਹਸਪਤਾਲ ਅੱਗੇ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. (FIR) ਦੀ ਕਾਪੀ ਨਹੀਂ ਦਿੰਦੀ, ਉਹ ਧਰਨਾ ਖ਼ਤਮ ਨਹੀਂ ਕਰਨਗੇ।
ਡਾਕਟਰੀ ਪੱਖ ਅਤੇ ਪੁਲਿਸ ਕਾਰਵਾਈ
ਮੌਕੇ 'ਤੇ ਮੌਜੂਦ ਡਾਕਟਰ ਸਾਹਿਲ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰੀਜ਼ ਦਾ ਆਮ ਪ੍ਰੋਟੋਕੋਲ ਤਹਿਤ ਹੀ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਨੌਜਵਾਨ ਨੂੰ ਉਲਟੀ ਆਈ ਸੀ, ਜੋ ਬਾਹਰ ਆਉਣ ਦੀ ਬਜਾਏ ਅੰਦਰ (ਸਾਹ ਵਾਲੀ ਨਾਲੀ) ਚਲੀ ਗਈ, ਜਿਸ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ, ਅਸਲ ਕਾਰਨ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਦੂਜੇ ਪਾਸੇ, ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।