ਟਾਂਡਾ ਰੋਡ ਰੇਲਵੇ ਕ੍ਰਾਸਿੰਗ ’ਤੇ ਆਰਯੂਬੀ ਨੂੰ ਮਨਜ਼ੂਰੀ, ਸਰਕਾਰ ਵੱਲੋਂ ਫੰਡ ਜਮ੍ਹਾਂ ਨਾ ਕਰਵਾਉਣ ਕਾਰਨ ਹੋ ਰਹੀ ਦੇਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਵਿਧਾਨ ਸਭਾ ਖੇਤਰ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਨੇ ਟਾਂਡਾ ਰੋਡ ਰੇਲਵੇ ਕ੍ਰਾਸਿੰਗ ’ਤੇ ਰੇਲ ਅੰਡਰਬ੍ਰਿਜ਼ (ਆਰਯੂਬੀ) ਦੇ ਨਿਰਮਾਣ ਦਾ ਮਾਮਲਾ ਇਕ ਵਾਰ ਫਿਰ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਹੈ। ਉਨ੍ਹਾਂ ਨੇ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਪੁੱਛਿਆ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕੀ ਕੀਤਾ ਜਾ ਰਿਹਾ ਹੈ ਤੇ ਇਸ ਦਾ ਮੌਜੂਦਾ ਸਟੇਟਸ ਕੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਦੇ ਨਿਰਮਾਣ ਲਈ ਸਰਕਾਰ ਆਪਣਾ 50 ਫੀਸਦੀ ਹਿੱਸਾ ਕਦੋਂ ਜਮ੍ਹਾਂ ਕਰਵਾਏਗੀ। ਬਾਵਾ ਹੈਨਰੀ ਨੇ ਕਿਹਾ ਕਿ ਸਰਕਾਰ ਵੱਲੋਂ ਫੰਡ ਨਾ ਦੇਣ ਕਾਰਨ ਇਹ ਪ੍ਰੋਜੈਕਟ ਰੁਕਿਆ ਹੋਇਆ ਹੈ ਤੇ ਇਸ ਕਾਰਨ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਰੇਲਵੇ ਕ੍ਰਾਸਿੰਗ ’ਤੇ ਆਪਣਾ ਸਮਾਂ ਬਰਬਾਦ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟਾਂਡਾ ਰੋਡ ਰੇਲਵੇ ਫਾਟਕ ਬੰਦ ਹੁੰਦਾ ਹੈ ਤਾਂ ਲੋਕ ਲੰਬੇ ਸਮੇਂ ਤੱਕ ਟ੍ਰੈਫਿਕ ਜਾਮ ’ਚ ਫਸੇ ਰਹਿੰਦੇ ਹਨ। ਵਿਧਾਇਕ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਇਕ ਪਾਸੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ, ਜਦਕਿ ਦੂਜੇ ਪਾਸੇ ਸ਼ਹਿਰ ਦੇ ਪੁਰਾਣੇ ਤੇ ਮੁੱਖ ਬਾਜ਼ਾਰ ਸਥਿਤ ਹਨ। ਰੇਲਵੇ ਫਾਟਕ ਬੰਦ ਹੋਣ ਕਾਰਨ ਦੋਵੇਂ ਇਲਾਕੇ ਇਕ ਦੂਜੇ ਤੋਂ ਕੱਟੇ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੇਲਵੇ ਕ੍ਰਾਸਿੰਗ ਤੋਂ ਹਰ ਰੋਜ਼ ਵੱਡੀ ਗਿਣਤੀ ’ਚ ਰੇਲਗੱਡੀਆਂ ਗੁਜ਼ਰਦੀਆਂ ਹਨ। ਵਿਧਾਇਕ ਦੇ ਸਵਾਲ ਦੇ ਜਵਾਬ ’ਚ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਟਾਂਡਾ ਰੋਡ ਰੇਲਵੇ ਕ੍ਰਾਸਿੰਗ ’ਤੇ ਰੇਲ ਅੰਡਰਬ੍ਰਿਜ਼ ਦੇ ਨਿਰਮਾਣ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਕੰਮ ਲਈ ਪ੍ਰਸ਼ਾਸਕੀ ਪੱਧਰ ’ਤੇ 11 ਮਈ 2021 ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਸ ਪ੍ਰੋਜੈਕਟ ਲਈ 13.06 ਕਰੋੜ ਰੁਪਏ ਦੀ ਮਨਜ਼ੂਰੀ ਹੈ, ਜਿਸ ’ਚੋਂ ਰੇਲਵੇ ਦੇ ਕੰਮ ਲਈ 2.22 ਕਰੋੜ ਰੁਪਏ ਸ਼ਾਮਲ ਹਨ। ਪੰਜਾਬ ਲੋਕ ਨਿਰਮਾਣ ਵਿਭਾਗ ਚੰਡੀਗੜ੍ਹ ਦੇ ਪ੍ਰਧਾਨ ਸਕੱਤਰ ਨੇ ਇਸ ਖਰਚ ਨੂੰ 50-50 ਹਿੱਸੇ ’ਚ ਵੰਡਣ ਲਈ ਸਹਿਮਤੀ ਦਿੱਤੀ ਹੈ। ਰੇਲਵੇ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਕੰਮ ਨੂੰ ਆਪਣੀ ਕਾਰਜ ਸੂਚੀ ’ਚ ਸ਼ਾਮਲ ਕਰੇ। ਰੇਲਵੇ ਵਿਭਾਗ ਨੇ ਸਾਲ 2025-2026 ਦੇ ਕਾਰਜਕ੍ਰਮ ’ਚ ਇਸ ਪ੍ਰੋਜੈਕਟ ਨੂੰ ਸ਼ਾਮਲ ਕਰਦੇ ਹੋਏ ਯੋਜਨਾ ਅਤ ਸਰਵੇਖਣ ਫੀਸ ਵਜੋਂ 2.12 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਹੈ। ਰੇਲਵੇ ਵਿਭਾਗ ਨੇ 26 ਨਵੰਬਰ 2025 ਨੂੰ ਭੇਜੇ ਗਏ ਪੱਤਰ ਰਾਹੀਂ ਇਸ ਪ੍ਰੋਜੈਕਟ ਦੀ ਮਨਜ਼ੂਰਸ਼ੁਦਾ ਰਕਮ 10.65 ਕਰੋੜ ਰੁਪਏ ’ਚੋਂ 5.32 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਹੈ। ਰੇਲਵੇ ਵੱਲੋਂ ਮੰਗੀ ਗਈ ਯੋਜਨਾ ਤੇ ਸਰਵੇਖਣ ਫੀਸ ਜਲਦੀ ਹੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।