ਆਰਟੀਓ ਵੱਲੋਂ ਦਫ਼ਤਰ ਦਾ ਅਚਾਨਕ ਨਿਰੀਖਣ, ਏਜੰਟਾਂ ਦੀ ਐਂਟਰੀ ’ਤੇ ਬੰਦ
ਆਰਟੀਓ ਵੱਲੋਂ ਦਫ਼ਤਰ ਦਾ ਅਚਾਨਕ ਨਿਰੀਖਣ, ਏਜੰਟਾਂ ਦੀ ਐਂਟਰੀ ’ਤੇ ਪਾਬੰਦੀ
Publish Date: Tue, 03 Mar 2026 08:56 PM (IST)
Updated Date: Tue, 03 Mar 2026 08:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖੇਤਰੀ ਟਰਾਂਸਪੋਰਟ ਦਫ਼ਤਰ ’ਚ ਮੰਗਲਵਾਰ ਸਵੇਰੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਆਰਟੀਓ ਬਲਜਿੰਦਰ ਸਿੰਘ ਢਿੱਲੋਂ ਨੇ ਸਵੇਰੇ ਕਰੀਬ 11 ਵਜੇ ਅਚਾਨਕ ਨਿਰੀਖਣ ਕੀਤਾ। ਨਿਰੀਖਣ ਦਾ ਮੁੱਖ ਟੀਚਾ ਦਫ਼ਤਰੀ ਕੰਮਕਾਜ ਦੀ ਪ੍ਰਣਾਲੀ ਦੀ ਜਾਂਚ ਕਰਨਾ ਤੇ ਲੋਕਾਂ ਨੂੰ ਏਜੰਟਾਂ ਦੇ ਜਾਲ ਤੋਂ ਬਚਾਉਣਾ ਸੀ। ਨਿਰੀਖਣ ਦੌਰਾਨ ਆਰਟੀਓ ਨੇ ਦਫ਼ਤਰ ਦੇ ਪਿੱਛੇ ਬਣੇ ਕੈਂਚੀ ਗੇਟ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ, ਜੋ ਕਾਫ਼ੀ ਸਮੇਂ ਤੋਂ ਬੰਦ ਸੀ। ਦੋਵੇਂ ਮੁੱਖ ਗੇਟ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਆ ਰਹੀ ਸੀ। ਉਨ੍ਹਾਂ ਹੁਕਮ ਦਿੱਤਾ ਕਿ ਸਾਰਾ ਸਟਾਫ ਦੁਪਹਿਰ 1:30 ਵਜੇ ਤੱਕ ਆਪਣੀ ਸੀਟ ’ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਕਰੇ। ਪਾਰਦਰਸ਼ਿਤਾ ਬਣਾਈ ਰੱਖਣ ਲਈ ਸਟਾਫ ਨਵੇਂ ਬਣੇ ਕੈਬਿਨਾਂ ’ਚ ਬੈਠੇਗਾ ਤਾਂ ਜੋ ਲੋਕਾਂ ਨੂੰ ਭਟਕਣਾ ਨਾ ਪਵੇ। ਆਰਟੀਓ ਨੇ ਦਫ਼ਤਰ ’ਚ ਕਿਸੇ ਵੀ ਏਜੰਟ ਦੀ ਐਂਟਰੀ ’ਤੇ ਪਾਬੰਦੀ ਲਾਉਣ ਦੇ ਨਿਰਦੇਸ਼ ਜਾਰੀ ਕੀਤੇ। ਸੇਵਾਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਏਜੰਟ ਪਿਛਲੇ ਗੇਟ ਰਾਹੀਂ ਅੰਦਰ ਆਉਂਦਾ ਪਾਇਆ ਗਿਆ ਤਾਂ ਸਬੰਧਤ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਆਦਾਤਰ ਸੇਵਾਵਾਂ ਆਨਲਾਈਨ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਲੋਕ ਘਰ ਬੈਠੇ ਹੀ ਸੁਵਿਧਾਵਾਂ ਪ੍ਰਾਪਤ ਕਰ ਸਕਣ। ਫਿਰ ਵੀ ਜੇ ਕੋਈ ਵਿਅਕਤੀ ਦਫ਼ਤਰ ਆਉਂਦਾ ਹੈ ਤਾਂ ਉਸਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ।