1000 ਰੁਪਏ ਮਹੀਨਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ : ਬੇਰੀ
1000 ਰੁਪਏ ਮਹੀਨਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ: ਰਜਿੰਦਰ ਬੇਰੀ
Publish Date: Sun, 08 Mar 2026 08:44 PM (IST)
Updated Date: Mon, 09 Mar 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ, ਜੋ ਅੱਜ ਦੇ ਬਜਟ ’ਚ ਕੀਤਾ ਗਿਆ ਹੈ, ਸਿਰਫ਼ ਇਕ ਐਲਾਨ ਹੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਵਾਅਦਾ ਕੀਤਾ ਸੀ ਕਿ ਮਾਰਚ 2022 ’ਚ ਸਰਕਾਰ ਬਣਦੇ ਹੀ ਅਪ੍ਰੈਲ ਮਹੀਨੇ ਤੋਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ’ਚ ਇਹ ਰਕਮ ਆਉਣੀ ਸ਼ੁਰੂ ਹੋ ਜਾਵੇਗੀ। ਬੇਰੀ ਨੇ ਕਿਹਾ ਕਿ ਹੁਣ ਵੀ ਸਿਰਫ਼ ਡਾਟਾ ਇਕੱਠਾ ਕਰਨ ਲਈ ਫਾਰਮ ਭਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਮਹਿਲਾਵਾਂ ਦੇ ਖਾਤਿਆਂ ’ਚ ਪੈਸਾ ਆਉਣ ਦੀ ਕੋਈ ਸਪਸ਼ਟਤਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਮੁਹੱਲਾ ਕਲੀਨਿਕ ਯੋਜਨਾ ਵੀ ਫੇਲ੍ਹ ਰਹੀ ਹੈ ਤੇ ਹੁਣ 10 ਲੱਖ ਰੁਪਏ ਵਾਲਾ ਸਿਹਤ ਬੀਮਾ ਕਾਰਡ ਵੀ ਜ਼ਮੀਨ ’ਤੇ ਕਿਤੇ ਲਾਗੂ ਹੁੰਦਾ ਨਹੀਂ ਦਿਖ ਰਿਹਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹਸਪਤਾਲਾਂ ’ਚ ਇਹ ਕਾਰਡ ਨਹੀਂ ਚੱਲ ਰਿਹਾ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਵਾਅਦਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਤੇ ਪੰਜਾਬ ਦੇ ਕਿਸੇ ਵੀ ਵਰਗ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਢੋਲ ਵਜਾਉਣ ਤੇ ਲੱਡੂ ਵੰਡਣ ਦੀ ਬਜਾਏ ਆਪਣੇ ਕੀਤੇ ਵਾਅਦੇ ਮੁਤਾਬਕ ਪੰਜਾਬ ਦੀ ਹਰ ਮਹਿਲਾ ਦੇ ਖਾਤੇ ’ਚ 48,000 ਰੁਪਏ ਪਵਾਉਣ, ਜੋ ਉਨ੍ਹਾਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ।