ਮਹਿੰਦਰਾ ਪਿਕਅੱਪ ਲੁੱਟਣ ਵਾਲੇ ਕਾਬੂ
ਅੱਧੀ ਰਾਤ ਨੂੰ ਮਹਿੰਦਰਾ ਪਿਕਅੱਪ ਲੁੱਟ ਕੇ ਫ਼ਰਾਰ ਹੋਏ ਲੁਟੇਰੇ ਕਾਬੂ
Publish Date: Thu, 19 Feb 2026 06:31 PM (IST)
Updated Date: Thu, 19 Feb 2026 06:33 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 21 ਜਨਵਰੀ ਦੀ ਅੱਧੀ ਰਾਤ ਤੋਂ ਬਾਅਦ ਮੋਟਰਸਾਈਕਲ ਸਵਾਰ ਲੁਟੇਰੇ ਥਾਣਾ ਡਵੀਜ਼ਨ ਇਕ ਦੇ ਘੇਰੇ ’ਚ ਆਉਂਦੀ ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਪੈਂਦੀ ਨਹਿਰ ਨਜ਼ਦੀਕ ਸੜਕ ਕੰਢੇ ਖੜ੍ਹੀ ਮਹਿੰਦਰਾ ਪਿਕਅੱਪ ਨੂੰ ਲੁੱਟ ਕੇ ਫਰਾਰ ਹੋਏ ਲੁਟੇਰਿਆਂ ਨੂੰ ਥਾਣਾ ਇਕ ਦੀ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰੇ ਜਸਵਿੰਦਰ ਸਿੰਘ ਵਾਸੀ ਪਿੰਡ ਡੋਗਰਾਂਵਾਲੀ, ਲਾਗੇ ਸੁਭਾਨਪੁਰ ਤੇ ਜਸਵਿੰਦਰ ਸਿੰਘ ਉਰਫ਼ ਸ਼ੀਨਾ ਵਾਸੀ ਪਿੰਡ ਡੋਗਰਾਂਵਾਲੀ ਨੇੜੇ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਨੂੰ ਸੁਭਾਨਪੁਰ ਪੁਲਿਸ ਵੱਲੋਂ ਲੁੱਟੀ ਹੋਈ ਮਹਿੰਦਰਾ ਪਿਕਅੱਪ ਸਮੇਤ ਕਾਬੂ ਕਰ ਲਿਆ ਗਿਆ ਸੀ, ਜਿਨ੍ਹਾਂ ਨੂੰ ਪੁੱਛ ਗਿੱਛ ਲਈ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਪੀੜਤ ਚਾਲਕ ਰਾਜੇਸ਼ ਮੂਲ ਵਾਸੀ ਯੂਪੀ ਹਾਲ ਵਾਸੀ ਅਮਰੀਕ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਫਿਲੌਰ ਤੋਂ ਢਿੱਲਵਾਂ ਵੱਲ ਜਾ ਰਿਹਾ ਸੀ ਤਾਂ ਰਸਤੇ ਚ ਉਸ ਨੂੰ ਨੀਂਦ ਆਉਣ ਕਰ ਕੇ ਉਹ ਸੜਕ ਕੰਢੇ ਵਾਹਨ ਖੜ੍ਹਾ ਕਰ ਕੇ ਸੌਂ ਗਿਆ ਸੀ। ਰਾਤ ਤਕਰੀਬਨ 2 ਵਜੇ ਦੋ ਮੋਟਰਸਾਈਕਲ ਸਵਾਰ ਉਸ ਕੋਲ ਆਏ ਤੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ਤੇ ਕੁੱਟਮਾਰ ਕਰਨ ਲੱਗ ਪਏ ਤੇ ਉਸ ਕੋਲੋਂ ਵਾਹਨ ਸਮੇਤ ਨਕਦੀ ਖੋਹ ਕੇ ਫਰਾਰ ਹੋ ਗਏ ਸਨ।