ਨੌਜਵਾਨ ਦਾ ਬੈਗ ਝਪਟ ਕੇ ਲੁਟੇਰੇ ਫ਼ਰਾਰ
ਨੌਜਵਾਨ ਦਾ ਬੈਗ ਝਪਟ ਲੁਟੇਰੇ ਫਰਾਰ
Publish Date: Thu, 15 Jan 2026 06:35 PM (IST)
Updated Date: Fri, 16 Jan 2026 04:07 AM (IST)

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਅਲਾਸਕਾ ਚੌਕ ’ਚ ਪੈਦਲ ਜਾ ਰਹੇ ਨੌਜਵਾਨ ਦਾ ਪਿੱਛੋਂ ਦੀ ਆਏ ਬਾਈਕ ਸਵਾਰ ਦੋ ਲੁਟੇਰੇ ਬੈਗ ਝਪਟ ਕੇ ਫ਼ਰਾਰ ਹੋ ਗਏ। ਇਸ ’ਚ ਹਜ਼ਾਰਾਂ ਰੁਪਏ ਦੀ ਨਕਦੀ, ਮੋਬਾਈਲ ਫੋਨ ਤੇ ਜ਼ਰੂਰੀ ਦਸਤਾਵੇਜ਼ ਸਨ। ਜਾਣਕਾਰੀ ਅਨੁਸਾਰ ਰਾਮ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਿਸੇ ਕੰਮ ਤੋਂ ਅਲਾਸਕਾ ਚੌਕ ਵੱਲ ਜਾ ਰਿਹਾ ਸੀ। ਉਸ ਨੇ ਆਪਣਾ ਇਕ ਬੈਗ ਮੋਢੇ ’ਤੇ ਟੰਗਿਆ ਹੋਇਆ ਸੀ। ਜਦ ਉਹ ਅਲਾਸਕਾ ਚੌਕ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਦੀ ਬਾਈਕ ’ਤੇ ਆਏ ਦੋ ਲੁਟੇਰਿਆਂ ਨੇ ਉਸ ਦਾ ਬੈਗ ਝਪਟ ਲਿਆ। ਉਸ ਨੇ ਆਪਣਾ ਬੈਗ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਬੈਗ ਝਪਟਦੇ ਸਮੇਂ ਲੁਟੇਰਿਆਂ ਵੱਲੋਂ ਮਾਰੇ ਗਏ ਧੱਕੇ ਨਾਲ ਉਹ ਹੇਠਾਂ ਡਿੱਗ ਪਿਆ। ਉਸ ਵੱਲੋਂ ਰੋਲਾ ਪਾੳਣ ’ਤੇ ਜਦ ਤੱਕ ਲੋਕ ਇਕੱਠੇ ਹੋਏ ਤਦ ਤੱਕ ਲੁਟੇਰੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਰਾਮ ਕੁਮਾਰ ਨੇ ਦੱਸਿਆ ਕਿ ਬੈਗ ’ਚ 9600 ਰੁਪਏ ਨਕਦ, ਇਕ ਮੋਬਾਈਲ ਫੋਨ ਤੇ ਬਹੁਤ ਜ਼ਰੂਰੀ ਦਸਤਾਵੇਜ਼ ਸਨ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ’ਚ ਦਿੱਤੀ ਗਈ, ਜਿਸ ਤੋਂ ਬਾਅਦ ਏਐੱਸਆਈ ਸੁੱਚਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਏਐੱਸਆਈ ਸੁੱਚਾ ਸਿੰਘ ਨੇ ਦੱਸਿਆ ਕਿ ਰਾਮ ਕੁਮਾਰ ਦੇ ਬਿਆਨਾਂ ’ਤੇ ਅਣਪਛਾਤਿਆਂ ਖਿਲਾਫ 304 (2) 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ ਉਮੀਦ ਹੈ ਕਿ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।