ਘਰ ਦੇ ਬਾਹਰ ਬੈਠੀ ਔਰਤ ਦੇ ਕੰਨਾਂ ’ਚੋਂ ਝਪਟੀਆਂ ਵਾਲ਼ੀਆਂ
ਘਰ ਦੇ ਬਾਹਰ ਬੈਠੀ ਔਰਤ ਦੇ ਕੰਨਾਂ ਵਿੱਚੋਂ ਵਾਲੀਆਂ ਝਪਟ ਲੁਟੇਰੇ ਫਰਾਰ
Publish Date: Mon, 06 Apr 2026 10:14 PM (IST)
Updated Date: Mon, 06 Apr 2026 10:17 PM (IST)

-ਇਕ ਲੁਟੇਰੇ ਨੇ ਪਹਿਲਾਂ ਆ ਕੇ ਮੰਗਿਆ ਸੀ ਪਾਣੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਨੈਸ਼ਨਲ ਬੈਂਕ ’ਚ ਦੁਪਹਿਰ ਵੇਲੇ ਹੋਈ ਡਕੈਤੀ ਨੂੰ ਹੱਲ ਕਰਨ ਵਿਚ ਹਾਲੇ ਪੁਲਿਸ ਰੁੱਝੀ ਹੋਈ ਸੀ ਕਿ ਲੁਟੇਰਿਆ ਨੇ ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਸਟੇਟ ਫੇਜ ਦੋ ’ਚ ਘਰ ਦੇ ਬਾਹਰ ਬੈਠੀ ਇਕ ਔਰਤ ਦੇ ਕੰਨਾਂ ’ਚੋਂ ਵਾਲੀਆਂ ਝਪਟ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਉਕਤ ਘਟਨਾ ਲਾਗੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਲੁਟੇਰਿਆਂ ਤੱਕ ਪੁੱਜਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸੂਵੀ ਰਥ ਵਾਸੀ ਅਰਬਨ ਸਟੇਟ ਫੇਜ਼-2 ਦੋ ਨੇ ਦੱਸਿਆ ਕਿ ਉਸ ਦੀ ਮਾਂ ਲੀਲਾਵਤੀ ਗੁਆਂਢਣ ਨਾਲ ਘਰ ਦੇ ਬਾਹਰ ਕੁਰਸੀਆਂ ਉੱਪਰ ਬੈਠੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਪੈਦਲ ਹੀ ਉਹਨਾਂ ਦੇ ਕੋਲ ਆਇਆ ਤੇ ਉਨ੍ਹਾਂ ਕੋਲੋਂ ਪੀਣ ਲਈ ਪਾਣੀ ਮੰਗਿਆ। ਇਸ ਦੌਰਾਨ ਪਿੱਛਿਓਂ ਸਕੂਟਰ ’ਤੇ ਉਸਦਾ ਸਾਥੀ ਵੀ ਉਥੇ ਪਹੁੰਚ ਗਿਆ, ਜਿਸ ਨੂੰ ਦੇਖਦਿਆਂ ਹੀ ਪਹਿਲੇ ਆਏ ਨੌਜਵਾਨ ਨੇ ਉਸ ਦੀ ਮਾਂ ਦੇ ਕੰਨਾਂ ’ਚੋਂ ਵਾਲੀਆਂ ਝਪਟ ਲਈਆਂ ਤੇ ਸਕੂਟਰ ’ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦ ਤੱਕ ਉਸਦੀ ਮਾਂ ਨੇ ਰੌਲਾ ਪਾਇਆ ਉਦੋਂ ਤੱਕ ਲੁਟੇਰੇ ਕਾਫੀ ਦੂਰ ਨਿਕਲ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੱਤ ਦੇ ਐੱਸਐੱਚਓ ਸਬ ਇੰਸਪੈਕਟਰ ਰਮੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਕਤ ਸਾਰੀ ਘਟਨਾ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਜੋ ਕਿ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਤੱਕ ਪੁੱਜਣ ਦੀ ਕੋਸ਼ਿਸ਼ ’ਚ ਹੈ ਉਮੀਦ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।