ਪਰਸ ਝਪਟਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ
ਮਹਿਲਾ ਦਾ ਪਰਸ ਝਪਟਨ ਵਾਲਾ ਲੁਟੇਰਾ ਕਾਬੂ
Publish Date: Sat, 28 Feb 2026 06:23 PM (IST)
Updated Date: Sat, 28 Feb 2026 06:25 PM (IST)
-ਪਰਸ ਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਪਿਛਲੇ ਦਿਨੀਂ ਲਾਡੋਵਾਲੀ ਰੋਡ ’ਤੇ ਹੋਈ ਲੁੱਟ ਦੀ ਵਾਰਦਤ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ ਦੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਲੁੱਟਿਆ ਹੋਇਆ ਪਰਸ ਤੇ ਵਾਰਦਾਤ ’ਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਅਜੇ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਆਪਣੇ ਪਤੀ ਨਾਲ ਜਾ ਰਹੀ ਇਕ ਔਰਤ ਦਾ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਪਰਸ ਝਪਟ ਲਿਆ ਗਿਆ ਸੀ। ਥਾਣਾ ਬਾਰਾਦਰੀ ’ਚ ਔਰਤ ਦੇ ਪਤੀ ਰਾਮ ਲੁਭਾਈ ਦੇ ਬਿਆਨਾਂ ’ਤੇ ਧਾਰਾ 304(2) ਬੀਐੱਨਐੱਸ ’ਤੇ ਤਹਿਤ ਮਾਮਲਾ ਦਰਜ ਕਰਕੇ ਇਸਦੀ ਜਾਂਚ ਥਾਣਾ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਪੁਲਿਸ ਵੱਲੋਂ ਟੈਕਨੀਕਲ ਢੰਗ ਗਈ ਕੀਤੀ ਗਈ ਜਾਂਚ ਤੋਂ ਬਾਅਦ ਪੁਲਿਸ ਪਾਰਟੀ ਲਗਾਤਾਰ ਇਸ ਮਾਮਲੇ ਨੂੰ ਹੱਲ ਕਰਨ ਲਈ ਕੋਸ਼ਿਸ਼ ਕਰ ਰਹੇ ਸੀ। 27 ਫਰਵਰੀ ਨੂੰ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਹਵਲਦਾਰ ਗੁਰਦੀਪ ਸਿੰਘ ਪੁਲਿਸ ਪਾਰਟੀ ਨਾਲ ਬੀਐੱਸਐੱਫ ਚੌਕ ਲਾਗੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਲੁੱਟ ਖੋਹ ਕਰਨ ਵਾਲਾ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਬੀਐੱਸਐੱਫ ਚੌਕ ਲਾਗੇ ਹੀ ਘੁੰਮ ਰਿਹਾ ਹੈ। ਕਾਰਵਾਈ ਕਰਦੇ ਹੋਏ ਹਵਲਦਾਰ ਗੁਰਦੀਪ ਸਿੰਘ ਨੇ ਰਾਹੁਲ ਉਰਫ ਲਾਲਾ ਵਾਸੀ ਗੜਾ ਨੂੰ ਕਾਬੂ ਕਰਕੇ ਬਾਅਦ ’ਚ ਉਸ ਦੀ ਨਿਸ਼ਾਨਦੇਹੀ ’ਤੇ ਔਰਤ ਕੋਲੋਂ ਲੁੱਟਿਆ ਗਿਆ ਪਰਸ ਵੀ ਬਰਾਮਦ ਕਰ ਲਿਆ। ਪਰਸ ’ਚ ਨਕਦੀ, ਸੋਨੇ ਦੇ ਗਹਿਣੇ ਤੇ ਜਰੂਰੀ ਦਸਤਾਵੇਜ਼ ਸਨ। ਏਸੀਪੀ ਅਜੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚੋਂ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਲੁੱਟਾਂ ਖੋਹਾਂ ਦੀਆਂ ਹੋਰ ਵਾਰਦਾਤਾ ਵੀ ਹੱਲ ਹੋਣਗੀਆਂ।