ਇਕ ਮਹੀਨੇ ’ਚ ਹੀ ਗੁਰੂ ਰਵਿਦਾਸ ਚੌਕ ਟੁੱਟਣ ਲੱਗਾ
ਗੁਰੂ ਰਵਿਦਾਸ ਚੌਕ ਟੁੱਟਿਆ, ਭਾਰਗਵ ਕੈਂਪ ਦੀ ਵਿਚਕਾਰ ਹੀ ਛੱਡੀ ਸੜਕ ਠੇਕੇਦਾਰ ਨੇ ਕਈ ਥਾਈਂ ਹੋਇਆ ਸੀਵਰ ਬੰਦ
Publish Date: Sun, 01 Mar 2026 07:17 PM (IST)
Updated Date: Mon, 02 Mar 2026 04:11 AM (IST)

* ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਬਣਿਆ ਸੀ ਨਵਾਂ ਚੌਕ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਕਿਸ ਤਰ੍ਹਾਂ ਲੋਕਾਂ ਵੱਲੋਂ ਟੈਕਸ ਦੇ ਰੂਪ ’ਚ ਦਿੱਤੇ ਜਾਂਦੇ ਪੈਸੇ ਦੀ ਬਰਬਾਦੀ ਹੁੰਦੀ ਹੈ, ਉਸ ਦੀ ਮਿਸਾਲ ਸ੍ਰੀ ਗੁਰੂ ਰਵਿਦਾਸ ਚੌਕ ਟੁੱਟਣ ਤੋਂ ਮਿਲਦੀ ਹੈ। ਇਹ ਚੌਕ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਬਣਾਇਆ ਗਿਆ ਸੀ ਤੇ ਅਜੇ ਮਹੀਨਾ ਵੀ ਨਹੀਂ ਹੋਇਆ ਸੀ ਕਿ ਉਸ ਦੇ ਚੁਫੇਰੇ ਤੇ ਕੀਤਾ ਗਿਆ ਸੀਮੈਂਟ ਦਾ ਪਲਸਟਰ ਉੱਖੜ ਗਿਆ ਤੇ ਘਟੀਆ ਲੱਗੀਆਂ ਇੱਟਾਂ ਦਿਖਾਈ ਦੇਣ ਲੱਗੀਆਂ ਹਨ। ਉਕਤ ਚੌਕ ਨੂੰ ਲੱਖਾਂ ਰੁਪਏ ਦੀ ਲਾਗਤ ਨਾਲ ਨਗਰ ਨਿਗਮ ਨੇ ਤਿਆਰ ਕਰਾਇਆ ਸੀ, ਪਰ ਘਟਿਆ ਕੁਆਲਿਟੀ ਦਾ ਮਟੀਰੀਅਲ ਲੱਗਣ ਕਾਰਨ ਹੀ ਚੌਕ ਟੁੱਟ ਗਿਆ, ਜਿਸ ਠੇਕੇਦਾਰ ਨੇ ਉਕਤ ਚੌਕ ਬਣਾਇਆ ਸੀ, ਉਸ ਦੀ ਜ਼ਮਾਨਤੀ ਰਕਮ ਜ਼ਬਤ ਕੀਤੀ ਜਾਣੀ ਚਾਹੀਦੀ ਹੈ। ਭਾਰਗਵ ਕੈਂਪ ਦੀ ਅਧੂਰੀ ਸੜਕ ਭਾਰਗਵ ਕੈਂਪ ਵਿਖੇ ਜਿਹੜੀ ਸੜਕ ਭਗਤ ਕਬੀਰ ਮੰਦਿਰ ਨੂੰ ਜਾਂਦੀ ਹੈ, ਪਿਛਲੇ ਕਾਫੀ ਸਮੇਂ ਤੋਂ ਅਧੂਰੀ ਪਈ ਹੈ ਤੇ ਉਸ ਨੂੰ ਅਜੇ ਤਕ ਨਾ ਬਨਾਏ ਜਾਣ ਕਾਰਨ ਲੋਕਾਂ ’ਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਲੋਕਾਂ ਅਨੁਸਾਰ ਉਕਤ ਸੜਕ ਪਿਛਲੇ 6 ਮਹੀਨਿਆਂ ਤੋਂ ਅਧੂਰੀ ਹੈ ਤੇ ਗਰੂ ਰਵਿਦਾਸ ਚੌਕ ਤੇ ਭਾਰਗਵ ਕੈਂਦ ਦੀ ਇਹ ਸੜਕ ਵੈਸਟ ਹਲਕੇ ਵਿਧਾਨ ਸਭਾ ’ਚ ਪੈਂਦੀ ਹੈ ਜਿਥੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਮੰਤਰੀ ਹਨ। ਪਰ ਨਗਰ ਨਿਗਮ ਪ੍ਰਸ਼ਾਸਨ ਇਸ ਦੀ ਪ੍ਰਵਾਹ ਨਹੀਂ ਕਰਦਾ। ਵਾਰਡ ਨੰਬਰ 62 ਦਾ ਸੀਵਰੇਜ ਜਾਮ ਵਾਰਡ ਨੰਬਰ 62, ਜੋ ਕਿ ਮੇਅਰ ਵਿਨੀਤ ਧੀਰ ਦਾ ਹੈ ਤੇ ਇਹ ਵੈਸਟ ਹਲਕੇ ’ਚ ਹੀ ਪੈਂਦਾ ਹੈ ਤੇ ਇਥੋਂ ਮਹਿੰਦਰ ਭਗਤ ਕੈਬਨਿਟ ਮੰਤਰੀ ਵੀ ਹਨ ਤੇ ਇੇਥੇ ਦੇ ਇਲਾਕੇ ਬਸਤੀ ਬਾਵਾ ਖੇਲ ਰਾਜ ਨਗਰ ਦੇ ਮੇਨ ਬਜ਼ਾਰ ’ਚ ਪਿਛਲੇ 10 ਦਿਨਾਂ ਤੋਂ ਸੀਵਰੇਜ ਬੰਦ ਹੈ ਜਿਸ ਕਾਰਨ ਲੋਕਾਂ ਦੇ ਬਾਰ ਬਾਰ ਸ਼ਿਕਾਇਤ ਕਰਨ ’ਤੇ ਐਤਵਾਰ ਨੂੰ ਜਾਮ ਸੀਵਰ ਖੋਲ੍ਹਣ ਦਾ ਕੰਮ ਸ਼ੁਰੂ ਹੋਇਆ। ਸੀਵਰ ਬੰਦ ਹੋਣ ਕਾਰਨ ਲੋਕਾਂ ਨੂੰ ਗੰਦੇ ਪਾਣੀ ਤੋਂ ਆਪਣੇ ਕਪੜੇ ਉੱਚੇ ਕਰਕੇ ਬਜਾਰ ਤੋਂ ਗੁਜ਼ਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ਇਸ ਦੀ ਸ਼ਿਕਾਇਤ ਜਦੋਂ ਸਿਧੇ ਤੌਰ ’ਤੇ ਮੇਅਰ ਕੋਲ ਪੁੱਜੀ ਤਾਂ ਫਿਰ ਸੀਵਰ ਖੋਲ੍ਹਣ ਦਾ ਕੰਮ ਸ਼ੁਰੂ ਹੋਇਆ। ਸੀਵਰ ਬੰਦ ਹੋਣ ਕਾਰਨ ਬਜ਼ਾਰ ਦੇ ਦੁਕਾਨਦਾਰ ਵੀ ਕਾਫੀ ਪ੍ਰੇਸ਼ਾਨ ਸਨ ਕਿਉਂ ਕਿ ਗੰਦਾ ਪਾਣੀ ਬਜ਼ਾਰ ’ਚ ਹੋਣ ਕਾਰਨ ਦੁਕਾਨਾਂ ਤੇ ਗਾਹਕ ਵੀ ਨਹੀਂ ਜਾਂਦੇ ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਚਲ ਰਿਹਾ ਸੀ। ਹੁਣ ਸੀਵਰ ਖੁੱਲਣ ਤੇ ਸਥਿਤ ਨਾਰਮਲ ਹੋਵੇਗੀ। ਵਾਟਰ ਸਪਲਾਈ ਦੀ ਪਾਈਪ ਫਟੀ ਕੈਂਟ ਵਿਧਾਨ ਸਭਾ ਹਲਕੇ ਦੇ ਲਤੀਫਪੁਰਾ ਦੀ ਸੜਕ ਤੇ ਪਾਣੀ ਦੀ ਪਾਇਪ ਫਟਨ ਨਾਲ ਸਾਰੀ ਸੜਕ ਤੇ ਪਾਣੀ ਇਕਠਾ ਹੋ ਗਿਆ ਹੈ ਤੇ ਵਾਹਨਾਂ ਦੀ ਆਵਾਜਾਈ ਕਾਰਨ ਸਾਰੇ ਪਾਸੇ ਚਿੱਕੜ ਵਰਗੀ ਹਾਲਤ ਪੈਦਾ ਹੋ ਗਈ ਹੈ। ਸੜਕ ਤਾਂ ਪਹਿਲਾਂ ਹੀ ਟੁੱਟੀ ਹੋਈ ਸੀ ਤੇ ਪਾਣੀ ਇਕਠਾ ਹੋਣ ਨਾਲ ਸੜਕ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਪਾਣੀ ਕਾਰਨ ਸੜਕ ’ਤੇ ਟੋਏ ਪੈ ਗਏ ਹਨ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।