ਸੜਕ ਬਣਾਉਣ ਦੇ ਕੰਮ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋਣਗੇ
ਵਿਕਾਸ ਕੰਮ ਖਾਸ ਕਰਕੇ ਸੜਕ ਬਨਾਉਣ ਦੇ ਕੰਮ ਆਉਂਦੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋਣਗੇ
Publish Date: Sun, 08 Feb 2026 08:21 PM (IST)
Updated Date: Sun, 08 Feb 2026 08:23 PM (IST)

- 45 ਕਰੋੜ ਦੇ ਕੰਮ ਚੱਲ ਰਹੇ ਹਨ ਤੇ 15 ਕਰੋੜ ਦੇ ਵਰਕ ਆਰਡਰ ਜਾਰੀ ਹੋਣਗੇ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਵੱਲੋਂ ਵਿਕਾਸ ਕੰਮ ਖਾਸ ਕਰ ਕੇ ਸੜਕਾਂ ਬਣਾਉਣ ਦੇ ਕੰਮ ਆਉਂਦੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਣਗੇ, ਜਦੋਂਕਿ 45 ਕਰੋੜ ਦੇ ਕੰਮ ਇਸ ਸਮੇਂ ਚੱਲ ਰਹੇ ਹਨ। ਇਸ ਸਬੰਧੀ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਅਨੁਸਾਰ 15 ਕਰੋੜ ਦੇ ਵਿਕਾਸ ਕੰਮਾਂ ਦੇ ਵਰਕ ਆਰਡਰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਹੜੀ ਕੇਂਦਰ ਸਰਕਾਰ ਦੀ 85 ਕਰੋੜ ਦੀ ਗ੍ਰਾਂਟ ਵਿਕਾਸ ਕੰਮਾਂ ਦੀ ਆਉਣੀ ਸੀ, ਉਹ ਭਾਵੇਂ ਹਾਲੇ ਤਕ ਨਹੀਂ ਆਈ ਪਰ ਸੜਕਾਂ ਦੇ ਕੰਮ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਚਾਲੂ ਫਰਵਰੀ ਮਹੀਨੇ ’ਚ ਦਿਨ ਦਾ ਤਾਪਮਾਨ ਵੱਧ ਗਿਆ ਹੈ ਪਰ ਰਾਤ ਦਾ ਤਾਪਮਾਨ ਕਾਫੀ ਠੰਢਾ ਹੋਣ ਕਾਰਨ ਸੜਕਾਂ ਦਾ ਕੰਮ ਹਾਲੇ ਸ਼ੁਰੂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀ 85 ਕਰੋੜ ਦੀ ਗ੍ਰਾਂਟ ਆਉਣੀ ਹੈ, ਉਸ ਬਾਰੇ ਹਦਾਇਤ ਆਈ ਸੀ ਕਿ ਪਹਿਲਾਂ ਵਿਕਾਸ ਕੰਮ ਸ਼ੁਰੂ ਕਰਾ ਦਿੱਤੇ ਜਾਣ ਤੇ ਉਨ੍ਹਾਂ ਦੀ ਜਿਸ ਤਰ੍ਹਾਂ ਹੀ ਕੰਮ ਸ਼ੁਰੂ ਦੀ ਰਿਪੋਰਟ ਆਈ ਤਾਂ ਗ੍ਰਾਂਟ ਦੀ ਰਕਮ ਵੀ ਨਾਲੋਂ ਨਾਲ ਜਾਰੀ ਕਰ ਦਿੱਤੀ ਜਾਵੇਗੀ, ਪਰ ਹਾਲੇ ਤਕ ਗ੍ਰਾਂਟ ਦੀ ਰਕਮ ਦਾ ਇੱਕ ਵੀ ਪੈਸਾ ਜਲੰਧਰ ਨਗਰ ਨਿਗਮ ਨੂੰ ਨਹੀ ਆਇਆ ਹੈ। ਡੋਗਰਾ ਅਨੁਸਾਰ ਨਗਰ ਨਿਗਮ ਵੱਲੋਂ ਗ੍ਰਾਂਟ ਦੀ ਰਕਮ ਦੇ 7 ਕਰੋੜ ਦੇ ਵਿਕਾਸ ਕੰਮ ਸ਼ੁਰੂ ਕਰਾ ਦਿੱਤੇ ਗਏ ਸਨ ਤੇ ਇਸ ਦੇ ਬਾਅਦ 58 ਕਰੋੜ ਦੇ ਬਾਕੀ ਰਹਿੰਦੇ ਕੰਮ ਵੀ ਸ਼ੁਰੂ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਨਗਰ ਨਿਗਮ ਦੇ ਕੰਮ ਸ਼ੁਰੂ ਹੋ ਚੁੱਕੇ ਹਨ ਉਸ ਹਿਸਾਬ ਨਾਲ ਕੰਮਾਂ ਨੂੰ ਨਿਰਧਾਰਤ ਸਮੇਂ ’ਤੇ ਪੂਰਾ ਕਰਨ ਦੀਆਂ ਠੇਕਾ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕਿਉਂਕਿ ਜਿਹੜੀ 85 ਕਰੋੜ ਦੀ ਗ੍ਰਾਂਟ ਕੇਂਦਰ ਸਰਕਾਰ ਦੀ ਆਉਣੀ ਹੈ, ਉਸ ਰਕਮ ਦੇ ਸ਼ੁਰੂ ਕੀਤੇ ਗਏ ਵਿਕਾਸ ਕੰਮ 31 ਮਾਰਚ ਤਕ ਪੂਰੇ ਕਰਨ ਦੀ ਸਰਕਾਰ ਦੀ ਸਖੀਤ ਹਦਾਇਤ ਹੈ ਜਿਸ ਦੀ ਪਾਲਨਾ ਹਰ ਕੀਮਤ ਤੇ ਕੀਤੀ ਜਾਵੇਗੀ।