15 ਦਿਨਾਂ ’ਚ ਦੂਜੀ ਵਾਰ ਰੋਡ ਸੇਫਟੀ ਮੀਟਿੰਗ ਸਥਗਿਤ, ਹਾਈਵੇ ਦੇ ਗੈਰਕਾਨੂੰਨੀ ਕੱਟਾਂ ਤੋਂ ਲੈ ਕੇ ਸਿਟੀ ਦੀਆਂ ਸੜਕਾਂ ਤੱਕ ਕੋਈ ਸੁਧਾਰ ਨਹੀਂ
15 ਦਿਨਾਂ ’ਚ ਦੂਜੀ ਵਾਰ ਰੋਡ ਸੇਫਟੀ ਮੀਟਿੰਗ ਸਥਗਿਤ, ਹਾਈਵੇ
Publish Date: Tue, 06 Jan 2026 10:17 PM (IST)
Updated Date: Tue, 06 Jan 2026 10:20 PM (IST)

-ਨੈਸ਼ਨਲ ਹਾਈਵੇ ਤੋਂ ਲੈ ਕੇ ਸਿਟੀ ਦੀਆਂ ਸੜਕਾਂ ’ਤੇ ਮਹੀਨਿਆਂ ਬਾਅਦ ਵੀ ਸਮੱਸਿਆਵਾਂ ਜਿਉਂ ਦੀ ਤਿਉਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਲਗਾਤਾਰ ਦੂਜੀ ਵਾਰ ਵੀ ਸਥਗਿਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੀ ਗੈਰਹਾਜ਼ਰੀ ਕਾਰਨ ਆਖਰੀ ਪਲਾਂ ’ਤੇ ਰੱਦ ਹੋ ਗਈ ਸੀ, ਜੋ ਬਾਅਦ ’ਚ ਵੀ ਨਹੀਂ ਹੋ ਸਕੀ। ਮੰਗਲਵਾਰ ਨੂੰ ਹੋਣੀ ਸੀ ਮੀਟਿੰਗ ਦਾ ਏਜੰਡਾ ਪਿਛਲੇ ਹਫ਼ਤੇ ਹੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ’ਚ ਕੁੱਲ 9 ਮੁੱਦੇ ਰੱਖੇ ਗਏ ਸਨ। ਇਨ੍ਹਾਂ ’ਚ ਸੜਕਾਂ ਤੋਂ ਗੈਰਕਾਨੂੰਨੀ ਕਬਜ਼ੇ ਹਟਾਉਣਾ ਤੇ ਟੁੱਟੀਆਂ ਸੜਕਾਂ ਦੀ ਮੁਰੰਮਤ, ਸਕੂਲ-ਕਾਲਜ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਸਾਈਨ ਬੋਰਡਾਂ ਪ੍ਰਤੀ ਜਾਗਰੂਕ ਕਰਨਾ, ਬਲੈਕ ਸਪਾਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਠੀਕ ਕਰਨਾ, ਟ੍ਰੈਫਿਕ ਸਮੱਸਿਆ ਵਾਲੇ ਇਲਾਕਿਆਂ ’ਚ ਸੁਧਾਰ, ਬੰਦ ਟ੍ਰੈਫਿਕ ਸਿਗਨਲਾਂ ’ਤੇ ਚਰਚਾ, ਜਲੰਧਰ ਦੇ ਉੱਚ ਜੋਖਮ ਵਾਲੇ ਗਲਿਆਰੇ, ਹਿਟ ਐਂਡ ਰਨ ਦੇ ਲੰਬਿਤ ਮਾਮਲਿਆਂ ’ਚ ਮੁਆਵਜ਼ੇ ਦੀਆਂ ਫ਼ਾਈਲਾਂ ’ਤੇ ਚਰਚਾ ਤੇ ਸੜਕਾਂ ’ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦਾ ਮੁੱਦਾ ਸ਼ਾਮਲ ਸੀ। ਪਰ ਮੀਟਿੰਗ ਨਾ ਹੋਣ ਕਾਰਨ ਸਾਰੇ ਮੁੱਦੇ ਇਕ ਵਾਰ ਫਿਰ ਪੈਂਡਿੰਗ ਰਹਿ ਗਏ। ਦੂਜੇ ਪਾਸੇ ਹਕੀਕਤ ਇਸ ਦੇ ਉਲਟ ਹੈ। ਰੋਡ ਸੇਫਟੀ ਕਮੇਟੀ ਦੀਆਂ ਕਈ ਮੀਟਿੰਗਾਂ ’ਚ ਲਗਪਗ ਉਹੀ ਏਜੰਡਾ ਮੁੜ–ਮੁੜ ਰੱਖਿਆ ਜਾ ਰਿਹਾ ਹੈ, ਪਰ ਕਾਰਵਾਈ ਜਾਂ ਸੁਧਾਰ ਦੇ ਨਾਮ ’ਤੇ ਕੁਝ ਵੀ ਨਹੀਂ ਹੋ ਰਿਹਾ। ਘੱਟੋ–ਘੱਟ ਸਿਟੀ ਦੀ ਹੱਦ ’ਚੋਂ ਲੰਘਦੇ ਨੈਸ਼ਨਲ ਹਾਈਵੇ ’ਤੇ ਪਰਾਗਪੁਰ ਤੋਂ ਬਿਧੀਪੁਰ ਰੇਲਵੇ ਫਾਟਕ ਤੱਕ ਹਾਲਾਤ ਜਿਉਂ ਦੇ ਤਿਉਂ ਹਨ। ਸਰਵਿਸ ਰੋਡ ਤੋਂ ਲੈ ਕੇ ਗੈਰਕਾਨੂੰਨੀ ਕੱਟਾਂ ਜਾਂ ਬਲੈਕ ਸਪਾਟਾਂ ’ਚ ਕੋਈ ਸੁਧਾਰ ਨਹੀਂ ਹੋਇਆ। ਪੀਏਪੀ ਚੌਕ ’ਤੇ ਫਲਾਈਓਵਰ ਤੋਂ ਲੈ ਕੇ ਸੂਰਿਆ ਐਨਕਲੇਵ, ਅਕਸ਼ਰਧਾਮ ਮੰਦਰ ਨੇੜੇ, ਲੰਮਾ ਪਿੰਡ ਚੌਕ ਨੇੜੇ ਤੋਂ ਅੱਗੇ ਵਿਰਕਾ ਮਿਲਕ ਪਲਾਂਟ ਤੱਕ ਕਈ ਅਜਿਹੇ ਕੱਟ ਹਨ, ਜਿੱਥੋਂ ਖ਼ਾਸ ਕਰਕੇ ਦੋਪਹੀਆ ਵਾਹਨਾਂ ਦੀ ਆਵਾਜਾਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਪਿਛਲੀਆਂ ਕਈ ਮੀਟਿੰਗਾਂ ’ਚ ਬਲੈਕ ਸਪਾਟਾਂ, ਬੰਦ ਸਟ੍ਰੀਟ ਲਾਈਟਾਂ ਤੇ ਡ੍ਰੇਨੇਜ ਸਿਸਟਮ ਦੀਆਂ ਸਮੱਸਿਆਵਾਂ ’ਚ ਸੁਧਾਰ ਲਈ ਡੀਸੀ ਵੱਲੋਂ ਨੇਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਮੇਅਰ ਵਿਨੀਤ ਧੀਰ ਵੱਲੋਂ ਦੋ ਵਾਰ ਮੰਤਰਾਲੇ ਨੂੰ ਪੱਤਰ ਵੀ ਭੇਜੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਹਾਈਵੇ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਪੀਏਪੀ ਚੌਕ ’ਤੇ ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੈਫਿਕ ਲਈ ਨਵੇਂ ਰੈਂਪ ਦੀ ਉਸਾਰੀ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ, ਜਿੱਥੇ ਦੋਪਹੀਆ ਵਾਹਨ ਚਾਲਕ ਸ਼ਾਰਟ-ਕੱਟ ਦੇ ਚੱਕਰ ’ਚ ਆਪਣੀ ਜ਼ਿੰਦਗੀ ਦਾਅ ’ਤੇ ਲਗਾ ਰਹੇ ਹਨ। ਕਈ ਥਾਵਾਂ ’ਤੇ ਹਾਈਵੇ ਦੇ ਕਿਨਾਰੇ ਟੁੱਟੀ ਗ੍ਰਿੱਲ ਤੇ ਬੰਦ ਡ੍ਰੇਨੇਜ ਦੇ ਉੱਪਰ ਕੱਟ ਬਣਾ ਕੇ ਲੋਕ ਵਾਹਨ ਸਿੱਧੇ ਹਾਈਵੇ ’ਤੇ ਲੈ ਆ ਰਹੇ ਹਨ। ਦੂਜੇ ਪਾਸੇ ਸਿਟੀ ਦੀਆਂ ਸੜਕਾਂ ’ਤੇ ਵੀ ਸਮੱਸਿਆਵਾਂ ਬਰਕਰਾਰ ਹਨ। ਕਮੇਟੀ ਦੀ ਮੀਟਿੰਗ ’ਚ ਉੱਚ ਜੋਖਮ ਵਾਲੀਆਂ ਸੜਕਾਂ ਦੀ ਪਛਾਣ ਕਰਕੇ ਸੁਧਾਰ ਦੇ ਹੁਕਮ ਦਿੱਤੇ ਗਏ ਸਨ, ਪਰ ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡਾ ਤੱਕ ਸੜਕ ਦੇ ਹਾਲਾਤ ਉਹੀ ਹਨ, ਜਿੱਥੇ ਐਂਬੂਲੈਂਸ ਲਈ ਸਿਵਲ ਹਸਪਤਾਲ ਤੱਕ ਪਹੁੰਚਣਾ ਮੁਸ਼ਕਲ ਬਣਿਆ ਹੋਇਆ ਹੈ। ਇਹੀ ਹਾਲ ਸ਼ਾਸਤਰੀ ਮਾਰਕੀਟ ਚੌਕ ਤੋਂ ਨੇਹਰੂ ਗਾਰਡਨ ਰੋਡ ਦਾ ਹੈ, ਜਿੱਥੇ ਟਾਇਰ ਦੁਕਾਨਦਾਰਾਂ ਦੇ ਅਤੀਕਰਮਣ ਕਾਰਨ ਟ੍ਰੈਫਿਕ ਜਾਮ ਬਣਿਆ ਰਹਿੰਦਾ ਹੈ। ਸਰਫ਼ੇਸ ਵਾਟਰ ਪ੍ਰੋਜੈਕਟ ਲਈ ਪੁੱਟੀ ਗਈ ਮਹਾਵੀਰ, ਸ੍ਰੀ ਗੁਰੂ ਰਵਿਦਾਸ ਚੌਕ ਤੋਂ ਮੈਨਬ੍ਰੋ ਚੌਕ ਤੱਕ ਦੀ ਸੜਕ ਦੇ ਹਾਲਾਤ ਵੀ ਜਿਉਂ ਦੇ ਤਿਉਂ ਹਨ। -------------------------- ਟਾਈਮ-ਬਾਊਂਡ ਹੋਵੇ ਕਾਰਵਾਈ : ਸੁਰਿੰਦਰ ਸੈਣੀ ਰੋਡ ਸੇਫਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਕਹਿੰਦੇ ਹਨ ਕਿ ਮੀਟਿੰਗ ’ਚ ਚਰਚਾ ਹੋਏ ਮੁੱਦਿਆਂ ’ਤੇ ਤੈਅ ਕੀਤੇ ਗਏ ਸੁਧਾਰਕ ਕੰਮਾਂ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। ਕਈ ਮੀਟਿੰਗਾਂ ਤੋਂ ਬਾਅਦ ਵੀ ਸਮੱਸਿਆਵਾਂ ਜਿਉਂ ਦੀ ਤਿਉਂ ਹਨ। ਮੀਟਿੰਗ ’ਚ ਡੀਸੀ ਸਾਹਮਣੇ ਮੰਗ ਰੱਖਾਂਗੇ ਕਿ ਸਾਰੇ ਵਿਭਾਗਾਂ ਨੂੰ ਸੁਧਾਰਕ ਕੰਮਾਂ ਨਾਲ ਨਾਲ ਉਨ੍ਹਾਂ ਨੂੰ ਟਾਈਮ-ਬਾਊਂਡ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।