ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਅੱਜ
ਜਾਸ, ਜਲੰਧਰ : ਜ਼ਿਲ੍ਹਾ
Publish Date: Mon, 09 Mar 2026 09:51 PM (IST)
Updated Date: Mon, 09 Mar 2026 09:54 PM (IST)
ਜਾਸ, ਜਲੰਧਰ : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਮੰਗਲਵਾਰ 10 ਮਾਰਚ ਨੂੰ ਸ਼ਾਮ 4:45 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਕਰਨਗੇ। ਇਹ ਮੀਟਿੰਗ ਪਹਿਲਾਂ ਦੋ ਵਾਰ ਮੁਲਤਵੀ ਹੋ ਚੁੱਕੀ ਹੈ। 18 ਫਰਵਰੀ ਨੂੰ ਵੀ ਮੀਟਿੰਗ ਦਾ ਸ਼ਡਿਊਲ ਤੈਅ ਕੀਤਾ ਗਿਆ ਸੀ ਪਰ ਉਸ ਨੂੰ ਰੱਦ ਕਰਨਾ ਪਿਆ। ਇਸ ਤੋਂ ਬਾਅਦ 25 ਫਰਵਰੀ ਨੂੰ ਮੀਟਿੰਗ ਹੋਣੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਦੌਰੇ ਕਾਰਨ ਇਹ ਵੀ ਮੁਲਤਵੀ ਹੋ ਗਈ ਸੀ।
ਮੀਟਿੰਗ ’ਚ ਪੁਰਾਣੇ ਏਜੰਡੇ ਮੁੜ-ਮੁੜ ਕੇ ਚਰਚਾ ਲਈ ਆ ਰਹੇ ਹਨ। ਇਨ੍ਹਾਂ ’ਚ ਸਕੂਲ ਵਾਹਨ ਨੀਤੀ, ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ’ਤੇ ਚਰਚਾ ਹੋਵੇਗੀ। ਇਨ੍ਹਾਂ ’ਚ ਸਭ ਤੋਂ ਮੁੱਖ ਹਨ ਓਵਰਲੋਡਿੰਗ, ਓਵਰ ਹਾਈਟ, ਓਵਰ ਸਪੀਡ, ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਅੰਡਰ ਏਜ ਡ੍ਰਾਈਵਿੰਗ। ਸੜਕਾਂ ’ਤੇ ਕਬਜ਼ਿਆਂ ਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਸਮੇਤ ਹੋਰ ਮੁੱਦਿਆਂ ’ਤੇ ਵੀ ਗੱਲਬਾਤ ਹੋਵੇਗੀ। ਚਮਕਦਾਰ ਸਫੈਦ ਐੱਲਈਡੀ ਲਾਈਟਾਂ, ਲਾਲ-ਨੀਲੀ ਲਾਈਟਾਂ ਤੇ ਬਿਨਾਂ ਮਨਜ਼ੂਰੀ ਦੇ ਲੱਗੇ ਹੂਟਰਾਂ ’ਤੇ ਕਾਰਵਾਈ ਲਈ ਵੀ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।
ਮੀਟਿੰਗ ’ਚ ਸਕੂਲਾਂ ਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਟ੍ਰੈਫਿਕ ਸਾਈਨ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਉਣ ’ਤੇ ਵੀ ਫੈਸਲਾ ਕੀਤਾ ਜਾਵੇਗਾ। ਸ਼ਹਿਰ ਦੀ ਮੈਨ ਰੋਡ ਤੇ ਨੈਸ਼ਨਲ ਹਾਈਵੇ 'ਤੇ ਬਲੈਕ ਸਪਾਟਸ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ, ਉਨ੍ਹਾਂ ਦੀ ਪਛਾਣ ਕਰਨ ਤੇ ਇਨ੍ਹਾਂ ਨੂੰ ਦੂਰ ਕਰਨ ਲਈ ਵੀ ਨਿਰਦੇਸ਼ ਦਿੱਤੇ ਜਾਣਗੇ। ਆਦਮਪੁਰ, ਭੋਗਪੁਰ, ਕਿਸ਼ਨਗੜ੍ਹ ਤੇ ਟ੍ਰਾਂਸਪੋਰਟ ਨਗਰ ਵਿਚ ਟ੍ਰੈਫਿਕ ਜਾਮ ਤੇ ਅਰਬਨ ਐਸਟੇਟ ’ਚ ਟ੍ਰੈਫਿਕ ਲਾਈਟਾਂ ਬੰਦ ਰਹਿਣ ਦਾ ਏਜੰਡਾ ਵੀ ਮੀਟਿੰਗ ਵਿਚ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਪੁਲਿਸ ਕੋਲੋਂ ਹਿੱਟ ਐਂਡ ਰਨ ਦੇ ਪੈਂਡਿੰਗ ਕੇਸਾਂ ਦੀ ਜਾਣਕਾਰੀ ਵੀ ਮੰਗੀ ਹੈ।