ਸੀਐੱਮ ਦੌਰੇ ਕਰਕੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਮੁਲਤਵੀ, ਤਿੰਨ ਮਹੀਨਿਆਂ ’ਚ ਸਰਵਿਸ ਲੇਨ ਦੀ ਮਨਜ਼ੂਰੀ ਵੀ ਨਹੀਂ

ਸੜਕ ਹਾਦਸੇ, ਬਲੈਕ ਸਪਾਟ, ਟ੍ਰੈਫਿਕ ਸਮੱਸਿਆ ਤੇ ਸੇਫ ਸਕੂਲ ਵਹੀਕਲ ਪਾਲਿਸੀ ਦੇ ਮੁੱਦੇ ਜਿਉਂ ਦੇ ਤਿਉਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਮਾ ਮੰਡੀ ਚੌਕ ’ਚ ਸੜਕ ’ਤੇ ਖੜ੍ਹੀਆਂ ਰਹਿੰਦੀਆਂ ਬੱਸਾਂ ਤੇ ਇਸ ਕਾਰਨ ਬਣ ਰਹੀ ਟ੍ਰੈਫਿਕ ਸਮੱਸਿਆ ਦਾ ਹਾਲ ਹਾਲੇ ਤੱਕ ਨਹੀਂ ਨਿਕਲ ਸਕਿਆ। ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਨੇ ਬੱਸਾਂ ਲਈ ਸਰਵਿਸ ਲੇਨ ਬਣਾਉਣ ਵਾਸਤੇ ਪਿਛਲੇ ਸਾਲ 15 ਦਸੰਬਰ ਨੂੰ ਮੌਕੇ ਦਾ ਮੁਆਇਨਾ ਕੀਤਾ ਸੀ ਤੇ ਫੌਜ ਦੇ ਹਰਬਖ਼ਸ਼ ਕੰਧ ਨੇੜੇ ਪਈ ਕਰੀਬ 50 ਫੁੱਟ ਖਾਲੀ ਜਗ੍ਹਾ ਨੂੰ ਬੱਸਾਂ ਖੜ੍ਹੀਆਂ ਕਰਨ ਲਈ ਚੁਣਿਆ ਸੀ। ਕਮੇਟੀ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਦੇ ਕੇ ਨੈਸ਼ਨਲ ਹਾਈਵੇ ਅਥਾਰਟੀ (ਐੱਨਐੱਚਏਆਈ) ਤੋਂ ਇਹ ਜਗ੍ਹਾ ਲੈਣ ਲਈ ਪੱਤਰ ਲਿਖਣ ਦੀ ਲੋੜ ਦੱਸੀ ਸੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਐੱਨਐੱਚਏਆਈ ਨੂੰ ਥਾਂ ਲਈ ਕੋਈ ਪੱਤਰ ਨਹੀਂ ਲਿਖਿਆ ਗਿਆ। ਸੀਐੱਮ ਭਗਵੰਤ ਮਾਨ ਦੇ ਜਲੰਧਰ ਦੌਰੇ ਕਾਰਨ ਮੰਗਲਵਾਰ ਨੂੰ ਹੋਣ ਵਾਲੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ। ਇਸ ਮੀਟਿੰਗ ’ਚ ਸੜਕ ਹਾਦਸਿਆਂ, ਬਲੈਕ ਸਪਾਟ, ਟ੍ਰੈਫਿਕ ਸਮੱਸਿਆ ਤੇ ਸੇਫ ਸਕੂਲ ਵਹੀਕਲ ਪਾਲਿਸੀ ਵਰਗੇ ਮੁੱਦਿਆਂ ’ਤੇ ਚਰਚਾ ਹੋਣੀ ਸੀ। ਸਮਾਜਿਕ ਸੰਸਥਾ ਦੇ ਸੰਚਾਲਕ ਤੇ ਕਮੇਟੀ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ’ਚ ਕਈ ਕਾਰਨਾਂ ਕਰਕੇ ਮੀਟਿੰਗ ਰੱਦ ਹੋ ਚੁੱਕੀ ਹੈ। ਸੜਕ ਸੁਰੱਖਿਆ, ਵੱਧ ਰਹੇ ਹਾਦਸੇ ਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਗੰਭੀਰ ਹੋ ਰਹੀਆਂ ਹਨ।
-----------------------
ਰਾਮਾ ਮੰਡੀ ਚੌਕ ’ਚ ਭੀੜ ਤੇ ਜਾਮ ਦੀ ਸਮੱਸਿਆ ’ਤੇ ਹੋਈ ਸੀ ਚਰਚਾ
ਦਸੰਬਰ ’ਚ ਹੋਈ ਰੋਡ ਸੇਫਟੀ ਮੀਟਿੰਗ ’ਚ ਰਾਮਾ ਮੰਡੀ ਚੌਕ ’ਚ ਭੀੜ ਤੇ ਜਾਮ ਦੀ ਸਮੱਸਿਆ ’ਤੇ ਚਰਚਾ ਹੋਈ ਸੀ, ਜਿਸ ਤੋਂ ਬਾਅਦ ਤਿੰਨ ਮੈਂਬਰਾਂ ਦੀ ਕਮੇਟੀ ਨੂੰ ਹੱਲ ਲੱਭਣ ਲਈ ਕਿਹਾ ਗਿਆ ਸੀ। 15 ਦਸੰਬਰ ਨੂੰ ਸੁਰਿੰਦਰ ਸੈਣੀ ਦੇ ਨਾਲ ਨੇਸ਼ਨਲ ਹਾਈਵੇ ਅਥਾਰਟੀ ਦੇ ਪੀਆਰਓ ਦਿਲਰਾਜ ਸਿੰਘ ਤੇ ਐਮਰਜੈਂਸੀ ਰਿਸਪਾਂਸ ਸਿਸਟਮ ਇੰਚਾਰਜ ਸੰਜੀਵ ਕੁਮਾਰ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੀ ਰਿਪੋਰਟ ਮੁਤਾਬਕ ਰਾਮਾਮੰਡੀ ਚੌਂਕ ਤੋਂ ਲੁਧਿਆਣਾ, ਦਿੱਲੀ, ਹੁਸ਼ਿਆਰਪੁਰ, ਨੂਰਮਹਿਲ, ਜੰਮੂ, ਪਠਾਨਕੋਟ ਤੇ ਅੰਮ੍ਰਿਤਸਰ ਵੱਲ ਜਾਣ ਵਾਲੀਆਂ ਬੱਸਾਂ ਦੇ ਨਾਲ ਨਾਲ ਫੌਜ ਦੀਆਂ ਗੱਡੀਆਂ ਵੀ ਲੰਘਦੀਆਂ ਹਨ, ਜਿਸ ਕਾਰਨ ਇੱਥੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ। ਇੱਥੇ ਫੌਜ ਦੇ ਹਰਬਖ਼ਸ਼ ਦਵਾਰ ਦੇ ਨਾਲ ਲੱਗਦੀ ਦੀਵਾਰ ਅੱਗੇ ਕਰੀਬ 50 ਫੁੱਟ ਖਾਲੀ ਜਗ੍ਹਾ ਪਈ ਹੈ, ਜਿੱਥੇ ਇਸ ਸਮੇਂ ਝਾੜੀਆਂ ਤੇ ਦਰੱਖ਼ਤ ਹਨ। ਜੇ ਜ਼ਿਲ੍ਹਾ ਪ੍ਰਸ਼ਾਸਨ ਐੱਨਐੱਚਏਆਈ ਨੂੰ ਇਹ ਥਾਂ ਦੇਣ ਲਈ ਲਿਖੇ ਤਾਂ ਇੱਥੇ ਬੱਸਾਂ ਲਈ ਸਰਵਿਸ ਲੇਨ ਬਣਾਈ ਜਾ ਸਕਦੀ ਹੈ ਪਰ ਅਜੇ ਤੱਕ ਇਸ ਦਿਸ਼ਾ ਵਿੱਚ ਕੋਈ ਢੰਗ ਦੀ ਕਾਰਵਾਈ ਸ਼ੁਰੂ ਨਹੀਂ ਹੋ ਸਕੀ।