ਐਨ ਮੌਕੇ ’ਤੇ ਫਿਰ ਟਲ਼ੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ, ਪਿਛਲੀਆਂ ਮੀਟਿੰਗਾਂ ਦੇ ਫ਼ੈਸਲੇ ਵੀ ਬੇਅਸਰ
ਫਿਰ ਟਲ ਗਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ, ਪਿਛਲੀਆਂ ਮੀਟਿੰਗਾਂ ਦੇ ਫੈਸਲੇ ਵੀ ਬੇਅਸਰ
Publish Date: Wed, 25 Feb 2026 10:02 PM (IST)
Updated Date: Wed, 25 Feb 2026 10:04 PM (IST)

--ਸ਼ਹਿਰ ਤੋਂ ਲੈ ਕੇ ਨੈਸ਼ਨਲ ਹਾਈਵੇ ਤੱਕ ਸੜਕਾਂ ਤੇ ਸਰਵਿਸ ਲੇਨ ਦੇ ਹਾਲਾਤ ਜਿਉਂ ਦੇ ਤਿਉਂ -ਸ਼ਹਿਰ ਦੀਆਂ ਸੜਕਾਂ ’ਤੇ ਕਬਜ਼ਿਆਂ ਕਾਰਨ ਰੋਜ਼ਾਨਾ ਲੱਗ ਰਹੇ ਟ੍ਰੈਫਿਕ ਜਾਮ ਨਾਲ ਲੋਕ ਪਰੇਸ਼ਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਬੁੱਧਵਾਰ ਨੂੰ ਇਕ ਵਾਰ ਫਿਰ ਐਨ ਮੌਕੇ ’ਤੇ ਟਾਲ਼ ਦਿੱਤੀ ਗਈ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਰੱਖੀ ਮੀਟਿੰਗ ਵੀ ਟਾਲੀ ਗਈ ਸੀ। ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੀਏਪੀ ’ਚ ਪੁਲਿਸ ਦੀ ਪਾਸਿੰਗ ਆਉਟ ਪਰੇਡ ’ਚ ਸ਼ਮੂਲੀਅਤ ਕਾਰਨ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਰੁਝੇਵਿਆਂ ਕਰਕੇ ਮੀਟਿੰਗ ਟਾਲ਼ ਦਿੱਤੀ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਦੀ ਮੀਟਿੰਗ ਰੁਝੇਵਿਆਂ ਦਾ ਹਵਾਲਾ ਦੇ ਕੇ ਕਈ ਵਾਰ ਟਾਲੀ ਗਈ ਸੀ। ਸਵਾਲ ਇਹ ਉੱਠਦਾ ਹੈ ਕਿ ਰੋਡ ਸੇਫਟੀ ਨਾਲ ਜੁੜੇ ਵੱਖ-ਵੱਖ ਮਸਲਿਆਂ ’ਤੇ ਪਿਛਲੀਆਂ ਮੀਟਿੰਗਾਂ ’ਚ ਜਾਰੀ ਕੀਤੀਆਂ ਹਦਾਇਤਾਂ ਵੀ ਹੁਣ ਤੱਕ ਬੇਅਸਰ ਹੀ ਦਿਸ ਰਹੀਆਂ ਹਨ। ਮੀਟਿੰਗ ਦਾ ਏਜੰਡਾ ਲਗਪਗ ਉਹੀ ਪੁਰਾਣਾ ਹੈ ਪਰ ਉਸ ’ਤੇ ਸਖ਼ਤੀ ਨਾਲ ਕਾਰਵਾਈ ਨਹੀਂ ਹੋ ਰਹੀ। ਚਾਹੇ ਮਸਲਾ ਨਗਰ ਨਿਗਮ ਦੇ ਅਧਿਕਾਰ ਖੇਤਰ ਦਾ ਹੋਵੇ ਜਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨਾਲ ਸਬੰਧਤ ਹੋਵੇ। ਟੁੱਟੀਆਂ ਸੜਕਾਂ ਤੋਂ ਲੈ ਕੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ। ਦਿਨ ਦੇ ਸਮੇਂ ਭਾਰੀ ਤੇ ਓਵਰਲੋਡ ਵਾਹਨਾਂ ਦੀ ਸ਼ਹਿਰ ’ਚ ਆਵਾਜਾਈ ਵੀ ਰੋਜ਼ਾਨਾ ਦੀ ਗੱਲ ਹੈ, ਭਾਵੇਂ ਇਸ ਨਾਲ ਹਾਦਸੇ ਕਿਉਂ ਨਾ ਹੋ ਰਹੇ ਹੋਣ। ਜਦਕਿ ਪਿਛਲੀਆਂ ਮੀਟਿੰਗਾਂ ’ਚ ਅਜਿਹੇ ਮਸਲਿਆਂ ’ਤੇ ਕਾਰਵਾਈ ਤੇ ਚਲਾਨ ਕੱਟਣ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਰਹੀਆਂ ਹਨ। ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਤੋਂ ਲੈ ਕੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਤੱਕ ਦਾ ਏਜੰਡਾ ਰੱਖਿਆ ਗਿਆ ਸੀ। ਸਰਫੇਸ ਵਾਟਰ ਪ੍ਰੋਜੈਕਟ ਲਈ ਪੁੱਟੀਆਂ ਸੜਕਾਂ ਦੇ ਬਣਨ ’ਚ ਦੇਰੀ ਘੱਟ ਤਾਪਮਾਨ ਕਰਕੇ ਸਮਝ ਆਉਂਦੀ ਹੈ ਪਰ ਨਾਜਾਇਜ਼ ਕਬਜ਼ਿਆਂ ਦੇ ਮਸਲੇ ’ਤੇ ਸੁਸਤ ਕਾਰਵਾਈ ਵਿਭਾਗੀ ਕਾਰਗੁਜ਼ਾਰੀ ਤੇ ਕਮੇਟੀ ਦੀ ਹੋਂਦ ’ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਖਾਸਕਰ ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡੇ ਵੱਲ ਜਾਣ ਵਾਲੀ ਸਿਵਲ ਹਸਪਤਾਲ ਵਾਲੀ ਸੜਕ, ਮਦਨ ਫਲੋਰ ਮਿਲ ਚੌਕ ਤੋਂ ਮੰਡੀ ਫੈਂਟਨਗੰਜ ਹੁੰਦਿਆਂ ਰੇਲਵੇ ਸਟੇਸ਼ਨ ਜਾਣ ਵਾਲੀ ਸੜਕ, ਸ਼ਾਸਤਰੀ ਨਗਰ ਤੋਂ ਮਦਨ ਫਲੋਰ ਮਿਲ ਚੌਕ ਤੱਕ ਨਹਿਰੂ ਗਾਰਡਨ ਰੋਡ ਤੇ ਲਾਡੋਵਾਲੀ ਰੋਡ ’ਤੇ ਕਬਾੜ ਮਾਰਕੀਟ ਵਾਲੇ ਹਿੱਸੇ ’ਚ ਮਨਮਾਨੇ ਢੰਗ ਨਾਲ ਹੋਈ ਕਬਜ਼ਿਆਂ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਹਨ। ਇਹੀ ਹਾਲ ਨੈਸ਼ਨਲ ਹਾਈਵੇ ਦਾ ਹੈ, ਜਿੱਥੇ ਇਸ ਸਮੇਂ ਸਰਵਿਸ ਲੇਨ ’ਤੇ ਸਰਫੇਸ ਵਾਟਰ ਪ੍ਰੋਜੈਕਟ ਦੀਆਂ ਪਾਈਪਾਂ ਪਾਉਣ ਲਈ ਪੁੱਟ-ਪੁਟਾਈ ਚੱਲ ਰਹੀ ਹੈ। ਪੂਰੇ ਸਿਆਲੇ ਤੇ ਧੁੰਦ ਲੰਘ ਜਾਣ ਦੇ ਬਾਵਜੂਦ ਸਟ੍ਰੀਟ ਲਾਈਟਾਂ ਤੇ ਡ੍ਰੇਨ ’ਚ ਪਾਣੀ ਦੀ ਨਿਕਾਸ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਅਜਿਹੇ ’ਚ ਅਗਲੇ ਮਾਨਸੂਨ ਦੌਰਾਨ ਇਹ ਡ੍ਰੇਨ ਮੁੜ ਲੋਕਾਂ ਦੀਆਂ ਜਾਨਾਂ ਲਈ ਖਤਰਾ ਬਣ ਸਕਦੇ ਹਨ। --------------------------- ਅਮਲ ਨਾ ਕਰਨ ਵਾਲਿਆਂ ’ਤੇ ਹੋਵੇ ਕਾਰਵਾਈ : ਸੈਣੀ ਰੋਡ ਸੇਫਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਕਮੇਟੀ ਦੀ ਮੀਟਿੰਗ ’ਚ ਹੋਏ ਫੈਸਲਿਆਂ ’ਤੇ ਅਮਲ ਨਾ ਕਰਨ ਵਾਲੇ ਵਿਭਾਗ ਜਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਦੋਂ ਹੀ ਮੀਟਿੰਗਾਂ ਦੇ ਨਤੀਜੇ ਸਾਹਮਣੇ ਆ ਸਕਣਗੇ। ਅਗਲੀ ਮੀਟਿੰਗ ’ਚ ਡੀਸੀ ਦੇ ਸਾਹਮਣੇ ਇਹ ਮਸਲਾ ਚੁੱਕਿਆ ਜਾਵੇਗਾ ਕਿ ਠੋਸ ਕਾਰਵਾਈ ਨਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਜੋ ਇਸਨੂੰ ਗੰਭੀਰਤਾ ਨਾਲ ਲਿਆ ਜਾਵੇ। ਨਹੀਂ ਤਾਂ ਅਜਿਹੀਆਂ ਮੀਟਿੰਗਾਂ ’ਚ ਸਮੱਸਿਆਵਾਂ ’ਤੇ ਚਰਚਾ ਦਾ ਕੋਈ ਤਰਕ ਨਹੀਂ ਰਹਿੰਦਾ।